ਦਿੱਲੀ: ਕਰੋਨਾ ਮ੍ਰਿਤਕਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਟੱਪੀ

* ਮਰੀਜ਼ਾਂ ਦੀ ਗਿਣਤੀ ਲੱਖ ਦੇ ਨੇੜੇ ਢੁਕੀ; * ਰੋਜ਼ਾਨਾ 17 ਹਜ਼ਾਰ ਟੈਸਟ ਹੋਣ ਲੱਗੇ

ਦਿੱਲੀ: ਕਰੋਨਾ ਮ੍ਰਿਤਕਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਟੱਪੀ

ਨਵੀਂ ਦਿੱਲੀ ਦੇ ਇੱਕ ਸਕੂਲ ਵਿੱਚ ਖ਼ੂਨ ਦੇ ਨਮੂਨੇ ਲੈਂਦਾ ਹੋਇਆ ਮੈਡੀਕਲ ਸਟਾਫ਼। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੁਲਾਈ

ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 97200 ਹੋ ਗਈ ਹੈ। ਅੱਜ 2505 ਨਵੇਂ ਕੇਸ ਸਾਹਮਣੇ ਆਏ ਤੇ 55 ਲੋਕਾਂ ਦੀ ਮੌਤ ਕੋਵਿਡ-19 ਦੇ ਲਾਗ ਕਾਰਨ ਹੋਈ। ਹਾਲਾਂਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਨਵੇਂ ਮਰੀਜ਼ਾਂ ਤੋਂ ਵੱਧ ਜਾਣੀ 2632 ਰਹੀ। ਹੁਣ ਤੱਕ 68256 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਤਕ ਤਿੰਨ ਹਜ਼ਾਰ ਤੋਂ ਵੱਧ ਮਰੀਜ਼ ਦਿੱਲੀ ਵਿੱਚ ਮਰ ਚੁੱਕੇ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ 25940 ਹੈ। ਦਿੱਲੀ ਵਿੱਚ 448 ਇਲਾਕੇ ਸੀਲਬੰਦ ਖੇਤਰਾਂ ਵਿੱਚ ਸ਼ਾਮਲ ਹਨ, ਜਿੱਥੋਂ ਹੁਣ ਤੱਕ ਕਰੋਨਾ ਮਰੀਜ਼ ਮਿਲੇ ਹਨ। ਅੱਜ ਰੈਪਿਡ ਐਂਟੀਜੇਨ ਦੇ 13748 ਤੇ ਆਰਟੀ-ਪੀਸੀਆਰ ਦੇ 9925 ਨਮੂਨੇ ਇਕੱਠੇ ਕੀਤੇ ਗਏ। ਕੁੱਲ ਨਮੂਨੇ 62368 ਇਕੱਠੇ ਹੁਣ ਤੱਕ ਕੀਤੇ ਜਾ ਚੁੱਕੇ ਹਨ।

ਦੂਜੇ ਪਾਸੇ ਦਿੱਲੀ ਵਿੱਚ ਕਰੋਨਾ ਮਰੀਜ਼ਾਂ ਦੀ ਜਾਂਚ ਵਿੱਚ ਬੀਤੇ ਦੋ ਹਫ਼ਤਿਆਂ ਤੋਂ ਤੇਜ਼ੀ ਲਿਆਂਦੀ ਗਈ ਹੈ ਤੇ ਰੋਜ਼ਾਨਾ 17 ਹਜ਼ਾਰ ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ। ਕੋਵਿਡ-19 ਲਈ ਕੀਤੇ ਗਏ 5.96 ਲੱਖ ਟੈਸਟਾਂ ਵਿੱਚੋਂ 45 ਫ਼ੀਸਦੀ ਟੈਸਟ ਬੀਤੇ 16 ਦਿਨਾਂ ਦੌਰਾਨ ਕੀਤੇ ਗਏ ਹਨ। ਰੈਪਿਡ ਐਂਟੀਜੇਨ ਦੀ ਜਾਂਚ 18 ਜੂਨ ਤੋਂ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਸੀ ਤੇ 2,75,396 ਟੈਸਟ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੇਨ ਵਿਧੀ ਨਾਲ ਕੀਤੇ ਗਏ। ਪ੍ਰਤੀ ਦਿਨ ਟੈਸਟਾਂ ਦੀ ਗਿਣਤੀ ਵੀ ਜੂਨ ਦੇ ਪਹਿਲੇ ਹਫ਼ਤੇ ਵਿੱਚ 4190 ਟੈਸਟ ਪ੍ਰਤੀ ਦਿਨ ਤੋਂ ਚਾਰ ਗੁਣਾ ਵਧ ਕੇ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ 15863 ਟੈਸਟ ਪ੍ਰਤੀ ਦਿਨ ਹੋ ਗਈ। ਸ਼ੁੱਕਰਵਾਰ ਨੂੰ ਹੀ ਸ਼ਹਿਰ ਵਿਚ 24 ਹਜ਼ਾਰ ਤੋਂ ਵੱਧ ਟੈਸਟ 10577 ਆਰਟੀ-ਪੀਸੀਆਰ ਟੈਸਟ ਤੇ 13,588 ਰੈਪਿਡ ਐਂਟੀਜੇਨ ਟੈਸਟ ਕਰਵਾਏ ਗਏ ਜੋ ਮਹੀਨਾ ਪਹਿਲਾਂ 6538 ਟੈਸਟ ਕੀਤੇ ਗਏ ਸਨ। 3 ਜੂਨ ਤੋਂ 3 ਜੁਲਾਈ ਤੱਕ ਕੋਵਿਡ -19 ਲਈ ਲਗਭਗ 3.66 ਲੱਖ ਲੋਕਾਂ ਦੀ ਜਾਂਚ ਕੀਤੀ ਗਈ। ਹੁਣ ਤੱਕ 5,96,698 ਟੈਸਟ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜੇਨ ਤਰੀਕਿਆਂ ਰਾਹੀਂ ਕਰਵਾਏ ਗਏ ਹਨ। ਸ਼ੁੱਕਰਵਾਰ ਨੂੰ ਸਰਕਾਰ ਨੇ ਤੇਜ਼ੀ ਨਾਲ ਐਂਟੀਜੇਨ ਟੈਸਟਿੰਗ ਦਾ ਵਿਸਥਾਰ ਕੀਤਾ। ਰਾਜਧਾਨੀ ਵਿੱਚ ਚੱਲ ਰਹੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੇ ਵੀ ਸਰਕਾਰ ਦੀ ਸਹਿਮਤੀ ਤੋਂ ਬਾਅਦ ਇਸ ਵਿਧੀ ਦੀ ਵਰਤੋਂ ਕਰਦਿਆਂ ਕੋਵਿਡ -19 ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਿਹਤ ਅਧਿਕਾਰੀਆਂ ਅਨੁਸਾਰ ਆਰਟੀ-ਪੀਸੀਆਰ ਟੈਸਟ ਦੇ ਮੁਕਾਬਲੇ ਤੇਜ਼-ਐਂਟੀਜੇਨ ਟੈਸਟਿੰਗ ਇੱਕ ਆਸਾਨ ਤੇ ਸਸਤੀ ਵਿਧੀ ਹੈ। ਹਰੇਕ ਟੈਸਟਿੰਗ ਕਿੱਟ ਦੀ ਕੀਮਤ 450 ਰੁਪਏ ਹੈ ਤੇ ਆਰ ਟੀ-ਪੀਸੀਆਰ ਟੈਸਟ ਦੇ ਮੁਕਾਬਲੇ 30 ਮਿੰਟ ਦੇ ਅੰਦਰ ਨਤੀਜੇ ਆ ਸਕਦੇ ਹਨ ਜੋ ਤਿੰਨ ਤੋਂ ਚਾਰ ਘੰਟੇ ਲੈਂਦਾ ਹੈ। ਜੇ ਕਿਸੇ ਵਿਅਕਤੀ ਦੇ ਕਰੋਨਾਵਾਇਰਸ ਨਾਲ ਸਬੰਧਿਤ ਐਂਟੀਬਾਡੀਜ਼ ਹਨ ਤਾਂ ਇਸਦਾ ਅਰਥ ਹੈ ਕਿ ਉਹ ਵਿਅਕਤੀ ਜਾਂ ਤਾਂ ਕੋਵਿਡ -19 ਪਾਜ਼ੇਟਿਵ ਹੈ ਜਾਂ ਠੀਕ ਹੋ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਨੁਸਾਰ ਤੇਜ਼-ਐਂਟੀਜੇਨ ਟੈਸਟ ਵਿੱਚ ਕੋਵਿਡ -19 ਲਈ ਨੈਗੇਟਿਵ ਟੈਸਟ ਵਾਲੇ ਸ਼ੱਕੀ ਵਿਅਕਤੀਆਂ ਨੂੰ ਲਾਗ ਲੱਗੀ ਹੋਣ ਦਾ ਪਤਾ ਲਾਉਣ ਲਈ ਆਰਟੀ-ਪੀਸੀਆਰ ਕਰਾਉਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All