ਗੁਰਦੁਆਰਾ ਦਮਦਮਾ ਸਾਹਿਬ ’ਚ ਹੋਲਾ ਮਹੱਲਾ ਮਨਾਏਗੀ ਦਿੱਲੀ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਚੜ੍ਹਦੀਕਲਾ, ਨਿਡਰਤਾ ਅਤੇ ਖਾਲਸਾਈ ਸੂਰਬੀਰਤਾ ਦਾ ਪ੍ਰਤੀਕ ਪਾਵਨ ਤਿਉਹਾਰ ਹੋਲਾ ਮਹੱਲਾ 4 ਮਾਰਚ ਨੂੰ ਗੁਰਦੁਆਰਾ ਦਮਦਮਾ ਸਾਹਿਬ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਚੜ੍ਹਦੀਕਲਾ, ਨਿਡਰਤਾ ਅਤੇ ਖਾਲਸਾਈ ਸੂਰਬੀਰਤਾ ਦਾ ਪ੍ਰਤੀਕ ਪਾਵਨ ਤਿਉਹਾਰ ਹੋਲਾ ਮਹੱਲਾ 4 ਮਾਰਚ ਨੂੰ ਗੁਰਦੁਆਰਾ ਦਮਦਮਾ ਸਾਹਿਬ ਨਿਜ਼ਾਮੁੂਦੀਨ ਵਿੱਚ ਮਨਾਇਆ ਜਾਵੇਗਾ। ਇਸ ਦੌਰਾਨ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਗੁਰਮਤਿ ਸਮਾਗਮ ਹੋਵੇਗਾ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿਰਫ਼ ਇਕ ਇਤਿਹਾਸਕ ਦਿਹਾੜਾ ਨਹੀਂ, ਸਗੋਂ ਖਾਲਸਾ ਪੰਥ ਦੀ ਤਾਕਤ, ਅਨੁਸ਼ਾਸਨ, ਬਹਾਦਰੀ ਅਤੇ ਸੰਗਠਿਤ ਸ਼ਕਤੀ ਦਾ ਜੀਵੰਤ ਪ੍ਰਤੀਕ ਹੈ।
ਇਸ ਪਵਿੱਤਰ ਮੌਕੇ ਅੰਮ੍ਰਿਤ ਵੇਲੇ ਦੀਵਾਨ ਸਜਾਏ ਜਾਣਗੇ, ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ-ਰਸ ਨਾਲ ਜੋੜਿਆ ਜਾਵੇਗਾ ਅਤੇ ਪੰਥਕ ਰਿਵਾਇਤਾਂ ਅਨੁਸਾਰ ਵਿਸ਼ੇਸ਼ ਧਾਰਮਿਕ ਆਯੋਜਨ ਕਰਵਾਏ ਜਾਣਗੇ। ਕਾਲਕਾ ਨੇ ਸਮੂਹ ਸੰਗਤ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮਹਾਨ ਪੰਥਕ ਸਮਾਗਮ ਦੀ ਸ਼ੋਭਾ ਵਧਾਉਣ, ਗੁਰੂ ਘਰ ਦੀਆਂ ਅਪਾਰ ਬਰਕਤਾਂ ਪ੍ਰਾਪਤ ਕਰਨ ਅਤੇ ਆਪਣੇ ਜੀਵਨ ਨੂੰ ਗੁਰਮਤਿ ਨਾਲ ਜੋੜਨ।
ਅੰਮ੍ਰਿਤ ਸੰਚਾਰ ਸਮਾਗਮ ਬਾਰੇ ਵਿਚਾਰ-ਚਰਚਾ
ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 327ਵੇਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਨ ਲਈ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਵੱਡੇ ਪੱਧਰ ’ਤੇ ਅੰਮ੍ਰਿਤ ਸੰਚਾਰ ਸਮਾਗਮ ਕੀਤਾ ਜਾਵੇਗਾ। ਇਸ ਸਬੰਧ ਵਿੱਚ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਵਿੱਚ ਅੰਮ੍ਰਿਤ ਸੰਚਾਰ ਦੀ ਸੁਚਾਰੂ ਅਤੇ ਸਫਲ ਪ੍ਰਬੰਧਾਂ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਵਾਲੇ ਪ੍ਰਬੰਧਕਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਇਸ ਮਹਾਨ ਕਾਰਜ ਨੂੰ ਕਾਮਯਾਬ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਕਾਲਕਾ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਲਾਭ ਲੈਂਦਿਆਂ ਵੱਧ ਤੋਂ ਵੱਧ ਗਿਣਤੀ ਵਿੱਚ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੀ ਰਹਿਤ ਅਨੁਸਾਰ ਜੀਵਨ ਬਿਤਾਉਣ ਅਤੇ ਖਾਲਸਾ ਪੰਥ ਦੀ ਚੜ੍ਹਦੀਕਲਾ ਵਿੱਚ ਆਪਣਾ ਯੋਗਦਾਨ ਪਾਉਣ।

