ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਨਵੰਬਰ
ਪੁਲੀਸ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਅਤੇ ਵਾਰ-ਵਾਰ ਰੋਕਾਂ ਲਾਉਣ ਦੇ ਬਾਵਜੂਦ ਉਨ੍ਹਾਂ ਦੀ ਅਗਵਾਈ ਹੇਠ ਕਮੇਟੀ ਨੇ ਅੱਜ ਰਾਜਧਾਨੀ ਪੁੱਜੇ ਸੰਘਰਸ਼ਸ਼ੀਲ ਕਿਸਾਨਾਂ ਵਾਸਤੇ ਲੰਗਰ ਲਗਾਇਆ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੋ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਰਾਜਧਾਨੀ ਵਿਚ ਆਉਣ ਵਾਲੇ ਕਿਸਾਨਾਂ ਵਾਸਤੇ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਅੱਜ ਜਦੋਂ ਲੱਖਾਂ ਕਿਸਾਨ ਦਿੱਲੀ ਬਾਰਡਰ ’ਤੇ ਪੁੱਜੇ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨਾਂ ਵਾਸਤੇ ਲੰਗਰ ਤਿਆਰ ਕਰ ਲਿਆ। ਸ੍ਰੀ ਸਿਰਸਾ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਜਦੋਂ ਕਿਸਾਨਾਂ ਵਾਸਤੇ ਲੰਗਰ ਲੈ ਕੇ ਜਾਣ ਲੱਗੀ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਲੰਗਰ ਰੋਕਣ ਦਾ ਯਤਨ ਕੀਤਾ ਜੋ ਅਸਫ਼ਲ ਰਿਹਾ। ਇਸ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਬਾਰਡਰ ’ਤੇ ਪੁੱਜੀ ਅਤੇ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਲੰਗਰ ਛਕਾਇਆ। ਸ੍ਰੀ ਸਿਰਸਾ ਨੇ ਆਖਿਆ ਸੰਘਰਸ਼ ਕਰ ਰਹੇ ਭਰਾਵਾਂ ਨੂੰ ਲੰਗਰ ਛਕਾਉਣ ਤੋਂ ਰੋਕਣ ਦਾ ਫ਼ੈਸਲਾ ਮੰਦਭਾਗਾ ਹੈ। ਸਰਵਜੀਤ ਸਿੰਘ ਵਿਰਕ ਨੇ ਕਿਹਾ ਕਿ ਲੰਗਰ ਪ੍ਰਥਾ ਗੁਰੂ ਨਾਨਕ ਦੇਵ ਵੱਲੋਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸ਼ੁਰੂ ਕੀਤੀ ਗਈ ਸੀ ਤੇ ਉਸ ਸਮੇਂ ਤੋਂ ਲੈ ਕੇ ਸਿੱਖ ਕੌਮ ਬਗੈਰ ਕਿਸੇ ਧਰਮ ਜਾਂ ਭੇਦਭਾਵ ਦੇ ਸੰਗਤਾਂ ਨੂੰ ਲੰਗਰ ਛਕਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਹੱਕ ਮੰਗਣ ਲਈ ਦਿੱਲੀ ਆਏ ਹਨ ਅਤੇ ਉਨ੍ਹਾਂ ਨੂੰ ਲੰਗਰ ਛਕਾਉਣਾ ਸਾਡਾ ਫ਼ਰਜ਼ ਹੈ।
ਕਿਸਾਨਾਂ ਨੇ ਐੱਨਸੀਆਰ ਵਿੱਚ ਲਾਏ ਡੇਰੇ
ਫਰੀਦਾਬਾਦ: ਦਿੱਲੀ ਚੱਲੋ ਅੰਦੋਲਨ ਦੌਰਾਨ ਕੌਮੀ ਰਾਜਧਾਨੀ ਦਿੱਲੀ ਖੇਤਰ (ਐੱਨਸੀਆਰ) ’ਚ ਵੀ ਕਿਸਾਨਾਂ ਨੇ ਰੋਸ ਜ਼ਾਹਰ ਕਰਨ ਲਈ ਸੜਕਾਂ ਮੱਲ੍ਹੀਆਂ ਅਤੇ ਹੋਰ ਥਾਵਾਂ ਤੋਂ ਆ ਕੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ। ਫਰੀਦਾਬਾਦ ਤੇ ਪਲਵਲ ਜ਼ਿਲ੍ਹਿਆਂ ਦੀਆਂ ਹੱਦਾਂ ’ਤੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨ ਬੀਤੀ ਰਾਤ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਪਰ ਪੁਲੀਸ ਨੇ ਰੋਕਾਂ ਲਾ ਕੇ ਉਨ੍ਹਾਂ ਨੂੰ ਡੱਕ ਲਿਆ। ਗੁਰੂਗ੍ਰਾਮ ਤੋਂ ਆਏ ਕਿਸਾਨਾਂ ਨੂੰ ਵੀ ਸਥਾਨਕ ਪੁਲੀਸ ਨੇ ਰੋਕ ਦਿੱਤਾ ਅਤੇ ਉਨ੍ਹਾਂ ਦੇ ਟਰੈਕਟਰ ਅੱਗੇ ਨਾ ਵਧਣ ਦਿੱਤੇ। ਉੱਤਰ ਪ੍ਰਦੇਸ਼ ਦੇ ਨੋਇਡਾ ਤੇ ਗਾਜ਼ੀਆਬਾਦ ਦੀਆਂ ਹੱਦਾਂ ਉਪਰ ਵੀ ਕਿਸਾਨਾਂ ਦਾ ਇਕੱਠ ਹੋ ਗਿਆ। ਬਾਅਦ ਵਿੱਚ ਪੁਲੀਸ ਵੱਲੋਂ ਕਿਸਾਨਾਂ ਨੂੰ ਬੁਰਾੜੀ ਮੈਦਾਨ ’ਚ ਜਾਣ ਦੀ ਆਗਿਆ ਦੇ ਦਿੱਤੀ ਗਈ। ਫਰੀਦਾਬਾਦ ਦੀ ਹੱਦ ’ਤੇ ਜਮ੍ਹਾਂ ਹੋਏ ਕਿਸਾਨਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਦੀ ਤਿਆਰੀ ਕਰਕੇ ਆਏ ਹਨ ਅਤੇ ਜੇਕਰ ਸੰਘਰਸ਼ ਲੰਬਾ ਚੱਲਿਆ ਤਾਂ ਪੱਕੇ ਮੋਰਚੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।