ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਮੁਕਾਬਲੇ ਸ਼ੁਰੂ ਕੀਤੇ ਹਨ। ਇਸ ਮੁਕਾਬਲੇ ਤਹਿਤ ਜੇਤੂਆਂ ਨੂੰ ਵਿਸ਼ੇਸ਼ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਐਲਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਜਥੇਦਾਰ ਸਰਵਜੀਤ ਸਿੰਘ ਵਿਰਕ ਨੇ ਅੱਜ ਰੋਹਿਨੀ ਸੈਕਟਰ -16 ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੀ ਸਮਾਪਤੀ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਵਿਰਕ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜਿੰਦਰ ਸਿੰਘ ਸਿਰਸਾ ਦੀ ਸੋਚ ਹੈ ਕਿ ਦੇਸ਼ ਤੇ ਕੌਮ ਦੀ ਚੜ੍ਹਦੀ ਕਲਾ ਲਈ ਗੁਰਸਿੱਖੀ ਜੀਵਨ ਜਾਚ ਜ਼ਰੂਰੀ ਹੈ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਹੀ ਇਹ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਬੱਚਿਆਂ ਤੇ ਅੱਲ੍ਹੜ ਉਮਰ ਵਾਲਿਆਂ ਨੂੰ ਗੁਰਬਾਣੀ ਨਾਲ ਜੋੜਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਗੁਰਬਾਣੀ ਕੰਠ ਮੁਕਾਬਲੇ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਚਾਰ ਮਹੀਨੇ ਪਹਿਲਾਂ ਜੂਨ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠਾਂ ਦੀ ਲੜੀ ਇੱਥੇ ਸ਼ੁਰੂ ਕੀਤੀ ਗਈ ਸੀ। ਇਹ ਮੁਕਾਬਲੇ 1984 ਦੇ ਦੰਗਾ ਪੀੜਤਾਂ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰਨ ਲਈ ਇਥੇ ਸ਼ੁਰੂ ਕੀਤੇ ਜਾ ਰਹੇ ਹਨ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਪਹਿਲੀਆਂ 6 ਅਸ਼ਟਪਦੀਆਂ ਜ਼ੁਬਾਨੀ ਸੁਣਾਉਣ ਵਾਲੇ ਸਾਰੇ ਬੱਚਿਆਂ ਨੂੰ 2100-2100 ਰੁਪਏ, ਅਗਲੀਆਂ 6-6 ਅਸ਼ਟਪਦੀਆਂ ਜ਼ੁਬਾਨੀ ਸੁਣਾਉਣ ਵਾਲੇ ਸਾਰੇ ਬੱਚਿਆਂ ਨੂੰ ਵੀ 2100-2100 ਰੁਪਏ ਤੇ ਸੁਖਮਨੀ ਸਾਹਿਬ ਦਾ ਪੂਰਾ ਪਾਠ ਸੁਣਾਉਣ ਵਾਲੇ ਸਾਰੇ ਬੱਚਿਆਂ ਨੂੰ 5100-5100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹ ਸਾਰੀ ਇਨਾਮੀ ਰਾਸ਼ੀ ਨਿੱਜੀ ਫੰਡ ਵਿਚੋਂ ਦੇਣਗੇ। ਇਸ ਲੜੀ ਤਹਿਤ ਅੱਜ ਬੱਚਿਆਂ ਨੂੰ ਦਸਤਾਰਾਂ ਵੰਡੀਆਂ ਗਈਆਂ ਹਨ। ਉਨ੍ਹਾਂ ਨੇ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੌਰਵਮਈ ਸਿੱਖ ਇਤਿਹਾਸ, ਸਿੱਖੀ, ਗੁਰਬਾਣੀ ਤੇ ਬਾਣੇ ਨਾਲ ਜੋੜਨ।