Delhi CM ਵੱਲੋਂ ਏ ਆਈ ਤੇ ਰੋਬੋਟਿਕਸ ਲੈਬਜ਼ ਦਾ ਉਦਘਾਟਨ
ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਲਈ ਵਰਦੀਆਂ ਤੇ ਬੈਗਾਂ ਵਾਸਤੇ 70.69 ਕਰੋਡ਼ ਰੁਪਏ ਜਾਰੀ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸੇਵਾ ਸੰਕਲਪ ਮੁਹਿੰਮ ਤਹਿਤ ਦਿੱਲੀ ਨਗਰ ਨਿਗਮ ਦੇ ਸਕੂਲਾਂ ਦੇ 5 ਲੱਖ ਤੋਂ ਵੱਧ ਬੱਚਿਆਂ ਲਈ ਵਰਦੀਆਂ ਅਤੇ ਸਕੂਲ ਬੈਗਾਂ ਵਾਸਤੇ ਡੀ ਬੀ ਟੀ ਰਾਹੀਂ 70.69 ਕਰੋੜ ਦੀ ਰਕਮ ਜਾਰੀ ਕੀਤੀ। ਇਸ ਤੋਂ ਇਲਾਵਾ 10 ਏ ਆਈ ਅਤੇ ਰੋਬੋਟਿਕਸ ਲੈਬਾਂ, 1,500 ਪ੍ਰਿੰਟਰ, ਸਾਇੰਸ ਔਨ ਵ੍ਹੀਲਜ਼ ਅਤੇ 60 ਕ੍ਰੋਮਬੁੱਕਾਂ ਵਰਗੀਆਂ ਆਧੁਨਿਕ ਸਹੂਲਤਾਂ ਦਾ ਉਦਘਾਟਨ ਵੀ ਕੀਤਾ ਗਿਆ। ਟੈਗੋਰ ਗਾਰਡਨ ਸਥਿਤ ਨਗਰ ਨਿਗਮ ਦੇ ਪ੍ਰਾਇਮਰੀ ਸਕੂਲ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਕਿਹਾ ਕਿ ਸਿੱਧਾ ਲਾਭ ਤਬਦੀਲੀ (ਡੀ ਬੀ ਟੀ) ਪਹਿਲਕਦਮੀ ਫੰਡਾਂ ਦੀ ਵੰਡ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ ਅਤੇ ਹਰ ਯੋਗ ਬੱਚੇ ਨੂੰ ਰਕਮ ਪ੍ਰਾਪਤ ਕਰਨ ਦੇ ਯੋਗ ਬਣਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਿੱਖਿਆ ਦਾ ਢਾਂਚਾ ਮਜ਼ਬੂਤ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਹਰ ਮਾਪੇ ਇਹ ਸੁਪਨਾ ਦੇਖਦੇ ਹਨ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਨਾਲੋਂ ਵੀ ਅੱਗੇ ਵਧੇ। ਦਿੱਲੀ ਦੀ ਭਾਜਪਾ ਸਰਕਾਰ ਬੱਚਿਆਂ ਨੂੰ ਵਧੀਆ ਸਿੱਖਿਆ, ਆਧੁਨਿਕ ਸਹੂਲਤਾਂ ਅਤੇ ਅੱਗੇ ਵਧਣ ਦੇ ਹਰ ਸੰਭਵ ਮੌਕੇ ਮੁਹੱਈਆ ਕਰਵਾ ਕੇ ਇਸ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਇਸ ਮੌਕੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਮੇਅਰ ਪ੍ਰਵੇਸ਼ ਵਾਹੀ ਅਤੇ ਡਿਪਟੀ ਮੇਅਰ ਮੋਨਿਕਾ ਪੰਤ ਮੌਜੂਦ ਸਨ।
ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਮੁਲਾਕਾਤ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੁਖਰਜੀ ਨਗਰ ਸਥਿਤ ਸਕੂਲ ਦਾ ਦੌਰਾ ਕਰ ਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਮੁਫ਼ਤ ਲਾਇਬ੍ਰੇਰੀ ਸਹੂਲਤਾਂ ਬਾਰੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦਾ ਮਕਸਦ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਦੀਆਂ ਲੋੜਾਂ ਅਤੇ ਦਿੱਲੀ ਸਰਕਾਰ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਸਿੱਧੀ ਜਾਣਕਾਰੀ ਹਾਸਲ ਕਰਨਾ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਲਾਇਬ੍ਰੇਰੀਆਂ, ਪਾਣੀ ਅਤੇ ਰਿਹਾਇਸ਼ ਦੇ ਪ੍ਰਬੰਧਾਂ ਦੀ ਹਦਾਇਤ ਕੀਤੀ।
ਕੌਕਰੋਚ ਜਨਤਾ ਪਰਟੀ, ‘ਆਪ’ ਦੀ ਬੀ-ਟੀਮ ਕਰਾਰ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਆਲੋਚਨਾ ਕਰਦਿਆਂ ਇਸ ਨੂੰ ਆਮ ਆਦਮੀ ਪਾਰਟੀ ਦੀ ‘ਬੀ-ਟੀਮ’ ਦੱਸਿਆ ਅਤੇ ਸਿਆਸੀ ਤੌਰ ’ਤੇ ਪ੍ਰੇਰਿਤ ਏਜੰਡਾ ਚਲਾਉਣ ਦਾ ਦੋਸ਼ ਲਾਇਆ। ਰੇਖਾ ਗੁਪਤਾ ਨੇ ਸਵਾਲ ਕੀਤਾ ਕਿ ਇਹ ਪਾਰਟੀ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਦੇ ਕਤਲਾਂ ਦੇ ਮਾਮਲੇ ਵਿੱਚ ਪੰਜਾਬ ਵਿੱਚ ਪ੍ਰਦਰਸ਼ਨ ਕਰਨ ਦੀ ਬਜਾਏ ਦਿੱਲੀ ਵਿੱਚ ਪ੍ਰਦਰਸ਼ਨ ਕਿਉਂ ਕਰਦੀ ਹੈ? ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ |ਚ ਬੀਤੇ ਦਿਨ ਇੱਕ ਕਤਲ ਹੋਇਆ ਉਥੇ ਸੀ ਜੇ ਪੀ ਕਿਉਂ ਨਹੀਂ ਪ੍ਰਦਰਸ਼ਨ ਕਰਨ ਗਈ। ਉਨ੍ਹਾਂ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਰ-ਵਾਰ ਹੋਣ ਵਾਲੇ ਪ੍ਰਦਰਸ਼ਨਾਂ ਕਾਰਨ ਦਿੱਲੀ ਦੇ ਵਪਾਰੀਆਂ ’ਤੇ ਪੈਣ ਵਾਲੇ ਵਿੱਤੀ ਬੋਝ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਰਾਮਲੀਲਾ ਮੈਦਾਨ ਅਤੇ ਬੁਰਾੜੀ ਗਰਾਊਂਡ ਵਰਗੀਆਂ ਨਿਰਧਾਰਤ ਥਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਰ ਹਾਲਤ ਵਿੱਚ ਸੱਤਾ ਚਾਹੀਦੀ ਹੈ।

