DELHI CM ਵੱਲੋਂ 200 ਇਲੈਕਟ੍ਰਿਕ ਬੱਸਾਂ ਨੂੰ ਝੰਡੀ
ਡੀ ਟੀ ਸੀ ਦੇ ਬੇਡ਼ੇ ’ਚ ਬੱਸਾਂ ਦੀ ਗਿਣਤੀ 6,800 ਹੋਈ; ਈ ਵੀ ਚਾਰਜਿੰਗ ਸਟੇਸ਼ਨ ਦਾ ਉਦਘਾਟਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਅੱਜ 200 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਅਥੇ ਮੁੱਖ ਰੂਟਾਂ ਲਈ ਮਹਿਲਾ ਵਿਸ਼ੇਸ਼ ਸੇਵਾਵਾਂ ਨੂੰ ਮੁੜ ਸ਼ੁਰੂ ਕੀਤਾ। ਜਾਣਕਾਰੀ ਅਨੁਸਾਰ ਇਨ੍ਹਾਂ 200 ਬੱਸਾਂ ਨਾਲ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਦੇ ਬੇੜੇ ਵਿੱਚ ਲਗਪਗ 6,800 ਬੱਸਾਂ ਹੋ ਗਈਆਂ ਹਨ। ਇਨ੍ਹਾਂ 200 ਨਵੀਆਂ ਬੱਸਾਂ ’ਚੋਂ 56 ‘ਲੇਡੀਜ਼ ਸਪੈਸ਼ਲ’ ਬੱਸਾਂ ਹਨ। ਇਸ ਦੌਰਾਨ ਸ਼ਹਿਰ ਦੇ ਇਲੈਕਟ੍ਰਿਕ ਟ੍ਰਾਂਸਪੋਰਟ ਸਿਸਟਮ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਗੁਪਤਾ ਨੇ ਰਾਜਘਾਟ ਡਿਪੂ-1 ਵਿੱਚ ਇੱਕ ਜਨਤਕ ਈਵੀ ਚਾਰਜਿੰਗ ਸਟੇਸ਼ਨ ਦਾ ਵੀ ਉਦਘਾਟਨ ਕਰਨ ਸਣੇ ਦਿੱਲੀ-ਕਰਨਾਲ ਰੂਟ ’ਤੇ ਪੰਜ ਇਲੈਕਟ੍ਰਿਕ ਤੇ ਏਅਰ-ਕੰਡੀਸ਼ਨਡ ਅੰਤਰ-ਰਾਜੀ ਬੱਸਾਂ ਨੂੰ ਵੀ ਝੰਡੀ ਦਿਖਾਈ। ਇਸ ਰੂਟ ’ਤੇ ਲਗਭਗ 133 ਕਿਲੋਮੀਟਰ ਲੰਬੇ ਇੱਕ-ਪਾਸੜ ਕੌਰੀਡੋਰ ’ਤੇ ਹਰੇਕ ਦਿਸ਼ਾ ਵਿੱਚ ਰੋਜ਼ਾਨਾ 10 ਗੇੜੇ ਲੱਗਣਗੇ।
ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਪਤਾ ਨੇ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਪਹਿਲਕਦਮੀਆਂ ’ਚੋਂ ਮਹਿਲਾ ਵਿਸ਼ੇਸ਼ ਬੱਸਾਂ ਉਨ੍ਹਾਂ ਲਈ ਨਿੱਜੀ ਤੌਰ ’ਤੇ ਅਤੇ ਸਰਕਾਰ ਲਈ ਸਭ ਤੋਂ ਅਹਿਮ ਹਨ। ਉਨ੍ਹਾਂ ਕਿਹਾ, ‘‘ਮੈਨੂੰ ਯਾਦ ਹੈ ਕਿ ਮੈਂ ਆਪਣੇ ਵਿਦਿਆਰਥੀ ਦਿਨਾਂ ਦੌਰਾਨ ਕਾਲਜ ਅਤੇ ਘਰ ਵਿਚਕਾਰ ਆਉਣ-ਜਾਣ ਲਈ ਵਿਸ਼ੇਸ਼ ਯੂਨੀਵਰਸਿਟੀ ਬੱਸਾਂ ਦੀ ਵਰਤੋਂ ਕਰਦੀ ਸੀ, ਪਰ ਇਹ ਬੱਸਾਂ ਪਿਛਲੇ 28 ਸਾਲਾਂ ਤੋਂ ਉਪਲਬਧ ਨਹੀਂ ਸਨ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੇੜੇ ਵਿੱਚ ਹੁਣ ਕੁੱਲ 4,938 ਇਲੈਕਟ੍ਰਿਕ ਬੱਸਾਂ ਅਤੇ 1,750 ਸੀ ਐੱਨ ਜੀ ਬੱਸਾਂ ਸ਼ਾਮਲ ਹਨ।
ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਬੱਸਾਂ ਹਨ। ਇਸ ਦੌਰਾਨ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ‘ਲੇਡੀਜ਼ ਸਪੈਸ਼ਲ’ ਬੱਸਾਂ ਵਿੱਚ ਔਰਤਾਂ ਨੂੰ ਸੁਰੱਖਿਆ ਆਵਾਜਾਈ ਸਹੂਲਤ ਮਿਲੇਗੀ। ਜ਼ਿਕਰਯੋਗ ਹੈ ਕਿ ਡੀ ਟੀ ਸੀ 15 ਉੱਚ-ਮੰਗ ਵਾਲੇ ਰੂਟਾਂ ’ਤੇ ‘ਲੇਡੀਜ਼ ਸਪੈਸ਼ਲ’ ਬੱਸਾਂ ਦੇ 30 ਗੇੜੇ ਅਤੇ 13 ਰੂਟਾਂ ’ਤੇ ਯੂਨੀਵਰਸਿਟੀ ਲੇਡੀਜ਼ ਸਪੈਸ਼ਲ ਬੱਸਾਂ ਦੇ 26 ਟ੍ਰਿਪ ਚਲਾਏਗਾ। ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ਼ ਈ ਵੀ ਚਾਰਜਿੰਗ ਬੁਨਿਆਦੀ ਢਾਂਚਾ ਬਣਾ ਰਹੀ ਹੈ ਬਲਕਿ ਈਵੀ ਨੀਤੀ ਦੇ ਤਹਿਤ ਸਬਸਿਡੀ ਵੀ ਦੇ ਰਹੀ ਹੈ।

