ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਫਰਵਰੀ
ਦਿੱਲੀ ਦੇ 5 ਹਲਕਿਆਂ ਵਿੱਚ ਦਿੱਲੀ ਨਗਰ ਨਿਗਮ ਦੀਆਂ ਉਪ-ਚੋਣਾਂ ਲਈ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਨੇ ਤਾਕਤ ਝੋਕ ਦਿੱਤੀ ਹੈ। ਤਿੰਨਾਂ ਮੁੱਖ ਪਾਰਟੀਆਂ ਵੱਲੋਂ ਇਕੋ ਸਮੇਂ ਇੱਕ ਦੂਜੇ ਨੂੰ ਭੰਡਿਆ ਗਿਆ। ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੀ ਜਨਤਾ ਦਿੱਲੀ ਨਗਰ ਨਿਗਮ ਉਪ ਚੋਣਾਂ ਲਈ 28 ਫਰਵਰੀ ਨੂੰ ਵੋਟਾਂ ਪਾਵੇਗੀ। ਐੱਮਸੀਡੀ ਦੇ ਅਧੀਨ ਤਿੰਨ ਵੱਡੀਆਂ ਕਾਨੂੰਨੀ ਸੰਵਿਧਾਨਕ ਜ਼ਿੰਮੇਵਾਰੀਆਂ ਹਨ, ਪਹਿਲਾਂ ਹੈ ਦਿੱਲੀ ਦੀ ਸਫਾਈ, ਦੂਜੀ ਸਾਰੀਆਂ ਛੋਟੀਆਂ ਸੜਕਾਂ ਤੇ ਗਲੀਆਂ ਦਾ ਨਿਰਮਾਣ ਕਰਨਾ ਅਤੇ ਤੀਜਾ ਐੱਮਸੀਡੀ ਦੇ ਅਧੀਨ ਸਾਰੇ ਪਾਰਕਾਂ ਦੀ ਸਫਾਈ/ਸੁੰਦਰੀਕਰਨ ਹੈ। ਉਨ੍ਹਾਂ ਕਿਹਾ ਕਿ ਐੱਮਸੀਡੀ ਦੀ ਸੱਤਾ ਵਿਚ ਬੈਠੀ ਭਾਜਪਾ ਭ੍ਰਿਸ਼ਟਾਚਾਰ ਵਿਚ ਉਲਝੀ ਹੋਈ ਤੇ ਉਹ ਇਨ੍ਹਾਂ ਤਿੰਨ ਮੁੱਖ ਜ਼ਿੰਮੇਵਾਰੀਆਂ ਵਿਚ ਅਸਫਲ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਆਪਣੇ ਕੌਂਸਲਰਾਂ ਨੂੰ ਹਰ 5 ਸਾਲਾਂ ਵਿੱਚ ਨਵੇਂ ਉਮੀਦਵਾਰ ਲਿਆ ਕੇ ਪੈਸੇ ਖਾਣ ਦਾ ਕਾਫ਼ੀ ਮੌਕਾ ਦਿੱਤਾ ਹੈ। ਇਸ ਦੌਰਾਨ ਰਾਘਵ ਚੱਢਾ ਨੇ ਦਿੱਲੀ ਦੇ ਲੋਕਾਂ ਨੂੰ ਐੱਮਸੀਡੀ ਉਪ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜ ‘ਆਪ’ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਐਮਸੀਡੀ ਵਿੱਚ ਲਿਆਉਣ ਨਾਲ, ਉਹ ਭਾਜਪਾ ਰਾਜ ਵਿੱਚ ਹੋਏ 15 ਸਾਲਾਂ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਨਗੇ। ਇਸ ਤੋਂ ਇਲਾਵਾ ਭਾਜਪਾ ਵੱਲੋਂ ‘ਆਪ’ ’ਤੇ ਹੱਲੇ ਬੋਲੇ ਗਏ ਜਦੋਂ ਕਿ ਕਾਂਗਰਸ ਨੇ ਦਿੱਲੀ ਦੀ ਹਾਲਤ ਲਈ ਭਾਜਪਾ ਤੇ ‘ਆਪ’ ਨੂੰ ਜ਼ਿੰਮੇਵਾਰ ਕਰਾਰ ਦਿੱਤਾ।
ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਦੋਸ਼ ਲਾਇਆ ਗਿਆ ਕਿ ਭ੍ਰਿਸ਼ਟਾਚਾਰੀ ਭਾਜਪਾ ਤੇ ਮੌਕਾਪ੍ਰਸਤ ਆਮ ਆਦਮੀ ਪਾਰਟੀ ਨੂੰ ਕਾਰਪੋਰੇਸ਼ਨ ਦੇ ਪੰਜ ਵਾਰਡਾਂ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਾਲ ਖਾਰਜ ਕਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਕਲਿਆਣਪੁਰੀ ਵਾਰਡ ਤੋਂ ਧਰਮਪਾਲ ਮੌਰਿਆ, ਤ੍ਰਿਲੋਕਪੁਰੀ ਵਾਰਡ ਤੋਂ ਬਾਲ ਕਿਸ਼ਨ ਅਤੇ ਬੰਗੜ ਤੋਂ ਚੌਹਾਨ ਜੁਬੈਰ ਅਹਿਮਦ, ਸ਼ਾਲੀਮਾਰ ਬਾਗ ਤੋਂ ਮਮਤਾ ਅਤੇ ਰੋਹਿਨੀ-ਸੀ ਤੋਂ ਮਮਵਤੀ ਬਰਵਾਲਾ ਨੂੰ ਸਟ੍ਰੀਟ ਕਾਰਨਰ ਮੀਟਿੰਗਾਂ, ਜਨਤਕ ਸਭਾਵਾਂ, ਰੋਡ ਸ਼ੋਅ ਦੇ ਹੱਕ ਵਿੱਚ ਭਾਰੀ ਸਮਰਥਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਉਮੀਦਵਾਰ ਨਿਗਮ ਉਪ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨਗੇ। ਕਮੇਟੀ ਦੇ ਦਿੱਲੀ ਇੰਚਾਰਜ ਸ਼ਕਤੀ ਸਿੰਘ ਗੋਹਿਲ ਨੇ ਪੰਜ ਵਾਰਡਾਂ ਬਾਰੇ ਸਟੇਟ ਦਫਤਰ ਰਾਜੀਵ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ। ਇਸ ਤੋਂ ਇਲਾਵਾ ਸ਼ਕਤੀ ਸਿੰਘ ਗੋਹਿਲ ਨੇ ਸ਼ਾਲੀਮਾਰ ਬਾਗ ਅਤੇ ਰੋਹਿਨੀ ਸਾਗਰ ਵਾਰਡ ਵਿੱਚ ਰੋਡ ਸ਼ੋਅ ਵੀ ਕੀਤੇ। ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਸਾਬਕਾ ਵਿਧਾਇਕ ਆਦਰਸ਼ ਸ਼ਾਸਤਰੀ ਨੇ ਕੀਤੀ।
ਭਾਜਪਾ ਵੱਲੋਂ ‘ਆਪ’ ਉਮੀਦਵਾਰ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ
ਭਾਜਪਾ ਵਿਧਾਇਕ ਅਭੈ ਵਰਮਾ ਨੇ ਦਿੱਲੀ ਚੋਣ ਕਮਿਸ਼ਨ ਤੋਂ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਕਲਿਆਣਪੁਰੀ ਕਾਰਪੋਰੇਸ਼ਨ ਵਾਰਡ ਤੋਂ ‘ਆਪ’ ਉਮੀਦਵਾਰ ਨੇ ਆਪਣੇ ਹਲਫਨਾਮੇ ਵਿਚ ਅਪਰਾਧਿਕ ਮਾਮਲਿਆਂ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ। ਅਭੈ ਵਰਮਾ ਨੇ ਅੱਜ ਇਥੇ ਕਿਹਾ ਕਿ ‘ਆਪ’ ਦੇ ਉਮੀਦਵਾਰ ਧਰੇਂਦਰ ਕੁਮਾਰ ਨੇ ਆਪਣੇ ਹਲਫਨਾਮੇ ਵਿੱਚ ਉਸ ਉੱਤੇ ਦਰਜ ਅਪਰਾਧਿਕ ਕੇਸ ਵਿੱਚ ਛੁਪਾਇਆ ਤੇ ਇਸ ਵਿੱਚ ਮਿਲੀ ਸਜ਼ਾ ਅਤੇ ਇਸ ਨੂੰ ਜਨਤਾ ਨੂੰ ਨਹੀਂ ਦਿੱਤਾ ਜਦੋਂ ਕਿ ਚੋਣਾਂ ਦੌਰਾਨ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਇਸ ਖੇਤਰ ਦੇ ਚੋਣ ਅਧਿਕਾਰੀ ਤੇ ਸਟੇਸ਼ਨ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।