Delhi businessman murder: ਕਾਰੋਬਾਰੀ ਕਤਲ ਮਾਮਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦੇ ਪੰਜ ਮੈਂਬਰ ਗ੍ਰਿਫਤਾਰ
ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ
ਉੱਤਰੀ ਦਿੱਲੀ ਦੇ ਬਾਹਰਵਾਰ ਸਥਿਤ ਬਵਾਨਾ ਉਦਯੋਗਿਕ ਖੇਤਰ ਵਿੱਚ ਹਾਲ ਹੀ ਵਿੱਚ ਇੱਕ 35 ਸਾਲਾ ਕਾਰੋਬਾਰੀ ਦੇ ਕਤਲ ਦੇ ਸਿਲਸਿਲੇ ਵਿੱਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਖੂਫੀਆ ਜਾਣਕਾਰੀ ਦੇ ਆਧਾਰ 'ਤੇ ਪੁਲੀਸ ਨੇ ਕੁਝ ਸ਼ੱਕੀਆਂ ਨੂੰ ਰੋਕਿਆ। ਚਿਤਾਵਨੀ ਦਿੱਤੇ ਜਾਣ 'ਤੇ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲੀਸ ਟੀਮ 'ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲੀਸ ਮੁਲਾਜ਼ਮਾਂ ਨੇ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ।
ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਦੋ ਹੋਰਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਕੁੱਲ ਸੰਖਿਆ ਪੰਜ ਹੋ ਗਈ ਹੈ।
ਪਲਾਸਟਿਕ ਦਾਣਾ ਨਿਰਮਾਤਾ ਵੈਭਵ ਗਾਂਧੀ ਦੀ 9 ਫਰਵਰੀ ਨੂੰ ਦੁਪਹਿਰ ਕਰੀਬ 12:50 ਵਜੇ ਡੀ.ਐਸ.ਆਈ.ਡੀ.ਸੀ. (DSIDC) ਉਦਯੋਗਿਕ ਖੇਤਰ ਦੇ ਸੈਕਟਰ ਚਾਰ ਵਿੱਚ ਸਥਿਤ ਉਨ੍ਹਾਂ ਦਾ ਫੈਕਟਰੀ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਾਂਚਕਰਤਾਵਾਂ ਨੇ ਦੱਸਿਆ ਸੀ ਕਿ ਹਮਲੇ ਵਿੱਚ ਚਾਰ ਲੋਕ ਸ਼ਾਮਲ ਸਨ। ਹਮਲਾਵਰਾਂ ਨੇ ਕਥਿਤ ਤੌਰ 'ਤੇ ਪਹਿਲਾਂ ਪੀੜਤ ਦੀ ਕਾਰ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦਾ ਲੈਪਟਾਪ ਬੈਗ ਜ਼ਬਰਦਸਤੀ ਖੋਹ ਲਿਆ ਅਤੇ ਫਿਰ ਉਸ ਨੂੰ ਨੇੜਿਓਂ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਪੁਲੀਸ ਨੇ ਗਾਂਧੀ ਦੀ ਕਾਰ ਵਿੱਚੋਂ ਕਰੀਬ ਇੱਕ ਕਰੋੜ ਰੁਪਏ ਵੀ ਬਰਾਮਦ ਕੀਤੇ ਸਨ।
ਕਤਲ ਤੋਂ ਇੱਕ ਦਿਨ ਬਾਅਦ, ਲਾਰੈਂਸ ਬਿਸ਼ਨੋਈ ਗਿਰੋਹ ਦੇ ਨਾਮ 'ਤੇ ਕਥਿਤ ਤੌਰ 'ਤੇ ਜਾਰੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ। 'ਰਣਦੀਪ ਮਲਿਕ ਅਨਿਲ ਪੰਡਿਤ' ਨਾਮ ਦੇ ਇੱਕ ਅਕਾਊਂਟ ਤੋਂ ਕੀਤੀ ਗਈ ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਕਤਲ ਲਾਰੈਂਸ ਬਿਸ਼ਨੋਈ, ਜਤਿੰਦਰ ਗੋਗੀ ਮਾਨ, ਹਾਸ਼ਿਮ ਬਾਬਾ ਅਤੇ ਕਾਲਾ ਰਾਣਾ ਸਮੇਤ ਕਈ ਗਿਰੋਹਾਂ ਵੱਲੋਂ ਕੀਤਾ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਪੋਸਟ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਗਾਂਧੀ ਗਿਰੋਹ ਦੀਆਂ ਗਤੀਵਿਧੀਆਂ ਵਿੱਚ ਦਖਲ ਦੇ ਰਹੇ ਸਨ ਅਤੇ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਸੇ ਤਰ੍ਹਾਂ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਗਈ ਸੀ।
ਜਾਂਚਕਰਤਾਵਾਂ ਨੇ ਇਹ ਵੀ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਹਮਲਾਵਰਾਂ ਨੇ ਗਾਂਧੀ ਦਾ ਕਰੀਬ 40-50 ਮੀਟਰ ਤੱਕ ਪਿੱਛਾ ਕੀਤਾ ਅਤੇ ਕਈ ਗੋਲੀਆਂ ਚਲਾਈਆਂ। ਇੱਕ ਗੋਲੀ ਉਨ੍ਹਾਂ ਦੀ ਠੋਡੀ 'ਤੇ ਲੱਗੀ, ਜਿਸ ਕਾਰਨ ਉਹ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

