Delhi Building Collapse: ਇੱਥੇ ਸੱਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਪੀ ਜੀ ਸੰਚਾਲਕ ਸ਼ੁਭਮ ਤਿਆਗੀ ਨੇ ਅੱਜ ਪਟਿਆਲਾ ਹਾਊਸ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਪੁੱਛ-ਪੜਤਾਲ ਅਤੇ ਅਗਲੀ ਜਾਂਚ ਲਈ ਮੁਲਜ਼ਮ ਦੇ ਦੋ ਦਿਨਾ ਰਿਮਾਂਡ ਦੀ ਮੰਗ ਕੀਤੀ ਹੈ ਤੇ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਮਾਲਕ ਹਰੀ ਰਾਮ ਗੁਪਤਾ ਤੋਂ ਇਮਾਰਤ ਕਿਰਾਏ ’ਤੇ ਲੈ ਕੇ ਪੀ ਜੀ ਬਣਾਇਆ ਹੋਇਆ ਸੀ। ਹਾਦਸੇ ਤੋਂ ਬਾਅਦ ਉਹ ਫ਼ਰਾਰ ਸੀ ਅਤੇ ਉਸ ਦੀ ਭਾਲ ਲਈ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਸਨ।
ਉਧਰ ਪੁਲੀਸ ਵੱਲੋਂ ਗ੍ਰਿਫ਼ਤਾਰ ਸਹਿ-ਮੁਲਜ਼ਮ ਸੁਧਾਂਸ਼ੂ ਲਵਨੀਸ਼ ਦੇ ਮੋਬਾਈਲ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਮੁਰੰਮਤ ਦੌਰਾਨ ਡਿੱਗੀ ਇਸ ਪੰਜ ਮੰਜ਼ਿਲਾ ਇਮਾਰਤ ਦੇ ਮਾਮਲੇ ਵਿੱਚ ਠੇਕੇਦਾਰ ਸਨੋਜ ਕੁਮਾਰ ਅਤੇ ਮਾਲਕ ਦੇ ਪੁੱਤਰ ਮਹੇਸ਼ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕਾ ਹੈ। ਹਰੀ ਰਾਮ ਅਤੇ ਉਸ ਦੀ ਪਤਨੀ ਉਰਮਿਲਾ ਅਦਾਲਤੀ ਹਿਰਾਸਤ ਵਿੱਚ ਹਨ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਕਾਰਨ 5 ਵਿਦਿਆਰਥੀਆਂ ਅਤੇ 2 ਮਜ਼ਦੂਰਾਂ ਸਮੇਤ ਕੁੱਲ 7 ਜਣਿਆਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਆਤਮ-ਸਮਰਪਣ ਤੋਂ ਬਾਅਦ ਤਿਆਗੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੰਜ ਮੰਜ਼ਿਲਾ ਇਮਾਰਤ ਦੇ ਡਿੱਗਣ ਦੇ ਕਾਰਨਾਂ ਦੀ ਹੋਰ ਜਾਂਚ ਕਰਨ ਲਈ ਦੋ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਪੁਲੀਸ ਹੁਣ ਤਿਆਗੀ ਤੋਂ ਇਮਾਰਤ ਵਿੱਚ ਚਲਾਏ ਜਾ ਰਹੇ ਪੀਜੀ ਆਵਾਸ, ਉਸਦੇ ਕੰਮਕਾਜ, ਲੀਜ਼ ਸਮਝੌਤੇ ਅਤੇ ਉੱਥੇ ਚੱਲ ਰਹੇ ਉਸਾਰੀ ਕੰਮਾਂ ਬਾਰੇ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ, ਤਿਆਗੀ ਦੇ ਮੋਬਾਈਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਤਾਂ ਜੋ ਹਾਦਸੇ ਤੋਂ ਤੁਰੰਤ ਬਾਅਦ ਹੋਈਆਂ ਗੱਲਬਾਤਾਂ ਅਤੇ ਘਟਨਾਕ੍ਰਮ ਦਾ ਪਤਾ ਲਗਾਇਆ ਜਾ ਸਕੇ। ਤਿਆਗੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਤੋਂ ਹੀ ਫਰਾਰ ਸੀ।
ਇਸ ਹਾਦਸੇ ਦੇ ਸਬੰਧ ਵਿੱਚ ਪੁਲੀਸ ਹੁਣ ਤੱਕ ਮਕਾਨ ਮਾਲਕ ਹਰੀਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ, ਪੁੱਤਰ ਮਹੇਸ਼ ਗੁਪਤਾ, ਲੇਬਰ ਠੇਕੇਦਾਰ ਸਨੋਜ ਕੁਮਾਰ, ਪੀਜੀ ਸੰਚਾਲਕ ਸੁਧਾਂਸ਼ੂ ਲਵਨੀਸ਼ ਅਤੇ ਸ਼ੁਭਮ ਤਿਆਗੀ ਸਮੇਤ ਕੁੱਲ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮਕਾਨ ਮਾਲਕ ਹਰੀਰਾਮ ਅਤੇ ਉਸਦੀ ਪਤਨੀ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ, ਜਦਕਿ ਸਹਿ-ਮੁਲਜ਼ਮ ਸੁਧਾਂਸ਼ੂ ਲਵਨੀਸ਼ ਦਾ ਫੋਨ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਸਤਿਆ ਨਿਕੇਤਨ ਵਿੱਚ ਇਹ ਇਮਾਰਤ ਐਤਵਾਰ ਨੂੰ ਉਸ ਸਮੇਂ ਢਹਿ ਗਈ ਸੀ ਜਦੋਂ ਬੇਸਮੈਂਟ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਠੇਕੇਦਾਰ ਨੇ ਪਹਿਲਾਂ ਹੀ ਮਕਾਨ ਮਾਲਕ ਅਤੇ ਪੀਜੀ ਸੰਚਾਲਕਾਂ ਨੂੰ ਢਾਂਚਾਗਤ ਸੁਰੱਖਿਆ ਬਾਰੇ ਚਿਤਾਵਨੀ ਦਿੱਤੀ ਸੀ। ਇਸ ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗਮ (MCD) ਨੇ ਸਾਊਥ ਜ਼ੋਨ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਅਤੇ ਚਾਰ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਦਿੱਲੀ ਪੁਲੀਸ ਵੱਲੋਂ ਪੂਰੇ ਸ਼ਹਿਰ ਵਿੱਚ ਪੀਜੀ ਦੀ ਹਾਲਤ ਦੀ ਜਾਂਚ ਲਈ ਸੁਰੱਖਿਅਤ ਮੁਹਿੰਮ ਵੀ ਚਲਾਈ ਜਾ ਰਹੀ ਹੈ।

