Delhi Building Collapse: ਦੁਕਾਨ ਬਣਾਉਣ ਲਈ ਹਟਾਈ ਗਈ ਸੀ ਮੁੱਖ ਦੀਵਾਰ
ਬੇਸਮੈਂਟ ਵਿੱਚ ਸੁੱਟਿਆ ਗਿਆ ਸੀ ਮਲਬਾ; ਮਲਬਾ ਭਰਨ ਕਾਰਨ ਡਿੱਗੀ ਸੀ ਪੰਜ ਮੰਜ਼ਿਲਾ ਇਮਾਰਤ
Delhi Building Collapse: ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ ਪੀ ਜੀ ਇਮਾਰਤ ਦੇ ਹਾਦਸੇ ਨੂੰ ਲੈ ਕੇ ਪੁਲੀਸ ਨੇ ਅੱਜ ਵੱਡਾ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਦਿਨ ਇਹ ਇਮਾਰਤ ਡਿੱਗੀ, ਉਸੇ ਦਿਨ ਗਰਾਊਂਡ ਫਲੋਰ ’ਤੇ ਇੱਕ ਦੁਕਾਨ ਬਣਾਉਣ ਲਈ ਮੁੱਖ ਦੀਵਾਰ ਨੂੰ ਹਟਾਇਆ ਗਿਆ ਸੀ। ਪੁਲੀਸ ਮੁਤਾਬਕ ਪਿਛਲੇ ਕੁਝ ਦਿਨਾਂ ਦੇ ਮੀਂਹ ਕਾਰਨ ਬੇਸਮੈਂਟ ਵਿੱਚ ਪਾਣੀ ਜਮ੍ਹਾ ਹੋ ਗਿਆ ਸੀ, ਜਿਸ ਤੋਂ ਬਾਅਦ ਉੱਥੇ ਅੱਠ ਤੋਂ ਦਸ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਨੂੰ ਗਰਾਉਂਡ ਫਲੋਰ ਦੇ ਬਰਾਬਰ ਲਿਆਉਣ ਲਈ ਤਿੰਨ ਟਰੱਕ ਮਲਬਾ ਭਰਿਆ ਗਿਆ ਸੀ। ਇਸ ਕੰਮ ਨੂੰ ਕਰਵਾਉਣ ਵਾਲੇ ਲੇਬਰ ਠੇਕੇਦਾਰ ਸਨੋਜ ਕੁਮਾਰ ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਠੇਕੇਦਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਮਕਾਨ ਮਾਲਕ ਹਰਿਰਾਮ ਗੁਪਤਾ ਦੇ ਪੁੱਤਰ ਮਹੇਸ਼ ਨੇ 2,800 ਰੁਪਏ ਪ੍ਰਤੀ ਦਿਨ ਦੀ ਦਿਹਾੜੀ ’ਤੇ ਰੱਖਿਆ ਸੀ। ਦੀਵਾਰ ਹਟਾਏ ਜਾਣ ਕਾਰਨ ਇਮਾਰਤ ਭਾਰ ਨਹੀਂ ਸੰਭਾਲ ਸਕੀ ਅਤੇ ਆਖਿਰਕਾਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਇਸ ਹਾਦਸੇ ਵਿੱਚ ਪੰਜ ਵਿਦਿਆਰਥੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਲੋਕ ਜ਼ਖ਼ਮੀ ਹੋ ਗਏ ਸਨ।
ਪੀ ਜੀ ਦਾ ਲੀਜ਼ ਸਮਝੌਤਾ, ਗ੍ਰਿਫ਼ਤਾਰੀਆਂ ਅਤੇ ਐੱਮ ਸੀ ਡੀ ਦੀ ਕਾਰਵਾਈ
ਪੁਲੀਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਇਮਾਰਤ ਦੀਆਂ ਚਾਰ ਮੰਜ਼ਿਲਾਂ ਨੂੰ ਸੁਧਾਂਸ਼ੂ ਲਵਨੀਸ਼ ਅਤੇ ਉਸ ਦੇ ਦੋਸਤ ਸ਼ੁਭਮ ਤਿਆਗੀ ਨੇ ਅਗਸਤ 2025 ਵਿੱਚ 1.05 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਲਿਆ ਸੀ ਅਤੇ ਇਮਾਰਤ ਦੀ ਮਾੜੀ ਹਾਲਤ ਕਾਰਨ ਇਹ ਕਾਫ਼ੀ ਘੱਟ ਕਿਰਾਏ 'ਤੇ ਮਿਲੀ ਸੀ। ਉਹ ਇੱਥੇ 'ਹੋਸਟਲ ਡੇਜ਼' (Hostel Daze) ਦੇ ਨਾਮ ਹੇਠ ਪੀ ਜੀ ਚਲਾ ਰਹੇ ਸਨ। ਇਕਰਾਰਨਾਮੇ ਵਿੱਚ ਹੈਰਾਨ ਕਰਨ ਵਾਲੀਆਂ ਸ਼ਰਤਾਂ ਸਨ ਕਿ ਪੀ ਜੀ ਸੰਚਾਲਕ ਕਿਸੇ ਵੀ ਹਾਦਸੇ, ਕੁਦਰਤੀ ਆਫ਼ਤ ਜਾਂ ਨਿੱਜੀ ਸੱਟ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਅਤੇ ਮਾਪਿਆਂ ਨੂੰ ਵੀ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਇਸ ਮਾਮਲੇ ਵਿੱਚ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਮਕਾਨ ਮਾਲਕ ਦਾ ਪੁੱਤਰ ਮਹੇਸ਼, ਠੇਕੇਦਾਰ ਸਨੋਜ ਕੁਮਾਰ ਅਤੇ ਪੀ ਜੀ ਸੰਚਾਲਕ ਸੁਧਾਂਸ਼ੂ ਸ਼ਾਮਲ ਹਨ, ਜਦਕਿ ਮੁੱਖ ਮਾਲਕ 81 ਸਾਲਾ ਹਰਿਰਾਮ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਨੂੰ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ। ਪੁਲੀਸ ਫਰਾਰ ਚੱਲ ਰਹੇ ਦੂਜੇ ਪੀ ਜੀ ਸੰਚਾਲਕ ਸ਼ੁਭਮ ਤਿਆਗੀ ਦੀ ਭਾਲ ਕਰ ਰਹੀ ਹੈ ਅਤੇ ਐੱਮ ਸੀ ਡੀ ਵੱਲੋਂ ਵੀ ਇਸ ਘਟਨਾ ਤੋਂ ਬਾਅਦ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

