Delhi building collapse: ਸੀਮਾਪੁਰੀ ਵਿੱਚ ਚਾਰ ਮੰਜ਼ਿਲਾ ਇਮਾਰਤ ਢਹੀ
ਤਿੰਨ ਮਕਾਨ ਲਪੇਟ ਵਿੱਚ ਆਏ; ਬੱਚੇ ਸਣੇ ਸੱਤ ਜ਼ਖ਼ਮੀ; ਕਈਆਂ ਦੇ ਮਲਬੇ ’ਚ ਦਬੇ ਹੋਣ ਦਾ ਖ਼ਦਸ਼ਾ
ਸ਼ਾਹਦਰਾ ਜ਼ਿਲ੍ਹੇ ਦੇ ਸੀਮਾਪੁਰੀ ਖੇਤਰ ’ਚ ਅੱਜ ਅਚਾਨਕ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ ਬੱਚੇ ਸਣੇ ਸੱਤ ਜਣੇ ਜ਼ਖ਼ਮੀ ਹੋ ਗਏ। ਇਮਾਰਤ ਢਹਿਣ ਕਾਰਨ ਨੇੜਲੇ ਦੇ ਦੋ-ਤਿੰਨ ਮਕਾਨ ਮਲਬੇ ਹੇਠਾਂ ਦਬ ਗਏ ਅਤੇ ਇਸ ਵਿੱਚ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਦਿੱਲੀ ਫ਼ਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਦੁਪਹਿਰ 3:30 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਗੱਡੀਆਂ ਨਾਲ ਇੱਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ। ਪੁਲੀਸ, ਨਗਰ ਨਿਗਮ ਦੇ ਅਧਿਕਾਰੀ ਅਤੇ ਸਿਵਲ ਡਿਫ਼ੈਂਸ ਦੇ ਮੁਲਾਜ਼ਮ ਵੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਹਾਲ ਹੀ ’ਚ ਆਏ ਭੂਚਾਲ ਕਾਰਨ ਇਮਾਰਤ ’ਚ ਤਰੇੜਾਂ ਆ ਗਈਆਂ ਸਨ। ਸ਼ਾਹਦਰਾ ਦੇ ਡੀ ਸੀ ਪੀ ਰਾਜਿੰਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ , ਜਦਕਿ ਦੋ-ਤਿੰਨ ਜਣਿਆਂ ਦੇ ਮਲਬੇ ਵਿੱਚ ਦਬੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ 225 ਵਰਗ ਫੁੱਟ ਵਿੱਚ ਬਣੀ ਹੋਈ ਸੀ। ਅਚਾਨਕ ਇਮਾਰਤ ਢਹਿਣ ਕਾਰਨ ਨੇੜਲੇ ਮਕਾਨ ਲਪੇਟ ਵਿੱਚ ਆ ਗਏ। ਇਸ ਦੌਰਾਨ ਕੁਝ ਲੋਕਾਂ ਨੂੰ ਮਲਬੇ ’ਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ 2-3 ਜਣੇ ਮਲਬੇ ਹੇਠ ਦਬੇ ਹੋ ਸਕਦੇ ਹਨ, ਜਿਨ੍ਹਾਂ ਲਈ ਬਚਾਅ ਕਾਰਜ ਜਾਰੀ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਚਾਰ ਤੋਂ ਪੰਜ ਜਣਿਆਂ ਨੂੰ ਮਲਬੇ ’ਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਇਮਾਰਤ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਇਸ ਕਾਰਨ ਇਹ ਕਮਜ਼ੋਰ ਹੋ ਗਈ। ਹਾਲਾਂਕਿ ਜਾਂਚ ਤੋਂ ਬਾਅਦ ਹੀ ਇਮਾਰਤ ਡਿੱਗਣ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਦੂਜੇ ਪਾਸੇ ਟਰੈਫਿਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਸੀਮਾਪੁਰੀ ਖੇਤਰ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ, ਕਿਉਂਕਿ ਸੀਮਾਪੁਰੀ ਗੋਲ ਚੱਕਰ, ਭੋਪੁਰਾ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਪੁਲੀਸ ਨੇ ਲੋਕਾਂ ਨੂੰ ਮੌਕੇ ਦੇ ਨੇੜੇ ਨਾ ਰੁਕਣ, ਗੱਡੀ ਖੜ੍ਹੀ ਨਾ ਕਰਨ ਜਾਂ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੜਕ ਨੂੰ ਖਾਲੀ ਰੱਖਿਆ ਜਾਵੇ ਤਾਂ ਜੋ ਐਂਬੂਲੈਂਸ ਅਤੇ ਬਚਾਅ ਵਾਹਨ ਤੇਜ਼ੀ ਨਾਲ ਨਿਕਲ ਸਕਣ। ਅਧਿਕਾਰੀਆਂ ਅਨੁਸਾਰ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਅਨੁਸਾਰ ਇਮਾਰਤ ਡਿੱਗਣ ਦਾ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਸੱਤਿਆ ਨਿਕੇਤਕ ਵਿੱਚ ਅਜਿਹਾ ਹਾਦਸਾ ਹੋਇਆ ਸੀ। -ਪੀਟੀਆਈ

