Delhi Building Collapse: ਦਿੱਲੀ ਦੇ ਸੀਮਾਪੁਰੀ 'ਚ ਇਮਾਰਤ ਡਿੱਗੀ; ਤਿੰਨ ਦੀ ਮੌਤ, 8 ਜ਼ਖਮੀ
ਡੀ ਡੀ ਐੱਮ ਏ, ਐੱਨ ਡੀ ਆਰ ਐੱਫ ਅਤੇ ਐੱਮ ਸੀ ਡੀ ਵੱਲੋਂ ਬਚਾਅ ਕਾਰਜ ਜਾਰੀ
ਉੱਤਰ-ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਗਰਭਵਤੀ ਔਰਤ ਅਤੇ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਅੱਠ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮਲਬੇ ਵਿੱਚੋਂ ਕਰੀਬ ਡੇਢ ਸਾਲ ਦੇ ਬੱਚੇ ਦੀ ਲਾਸ਼ ਕੱਢੀ ਗਈ ਹੈ, ਜਿਸਦਾ ਸਿਰ ਧੜ ਤੋਂ ਵੱਖ ਸੀ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੰਗਲਵਾਰ ਸ਼ਾਮ ਨੂੰ ਉੱਤਰਾਖੰਡ ਵਿੱਚ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਇਮਾਰਤ ਵਿੱਚ ਆਈਆਂ ਤਰੇੜਾਂ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਮਲਬੇ ਹੇਠਾਂ ਫਸੇ ਲੋਕਾਂ ਦੀਆਂ ਆਵਾਜ਼ਾਂ ਸੁਣ ਸਕਦੇ ਸਨ।
ਇਮਾਰਤ ਡਿੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ ਨਗਰ ਨਿਗਮ (MCD) ਦੇ ਅਨੁਸਾਰ, ਗੁਆਂਢੀਆਂ ਨੇ ਦਾਅਵਾ ਕੀਤਾ ਹੈ ਕਿ ਭੂਚਾਲ ਤੋਂ ਬਾਅਦ ਇਮਾਰਤ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਇਮਾਰਤ ਦਾ ਮਾਲਕ ਇਸਨੂੰ ਖਾਲੀ ਕਰਵਾ ਰਿਹਾ ਸੀ।
ਦਿੱਲੀ ਫਾਇਰ ਸਰਵਿਸਿਜ਼ (DFS) ਨੂੰ ਦੁਪਹਿਰ ਕਰੀਬ 3.30 ਵਜੇ ਇਮਾਰਤ ਡਿੱਗਣ ਦੀ ਕਾਲ ਮਿਲੀ ਅਤੇ ਬਚਾਅ ਕਰਮੀ ਮੌਕੇ 'ਤੇ ਪਹੁੰਚ ਗਏ। ਦਿੱਲੀ ਪੁਲੀਸ, ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA), ਕੌਮੀ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਐੱਮ ਸੀ ਡੀ ਅਤੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (DUSIB) ਦੀਆਂ ਟੀਮਾਂ ਵੱਲੋਂ ਖੋਜ ਅਤੇ ਬਚਾਅ ਕਾਰਜ ਜਾਰੀ ਹਨ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ, "ਤਿੰਨ ਸਾਲ ਦੇ ਬੱਚੇ ਸਮੇਤ ਅੱਠ ਜ਼ਖਮੀ ਲੋਕਾਂ ਨੂੰ ਬਚਾ ਲਿਆ ਗਿਆ ਹੈ। ਅਪਰੇਸ਼ਨ ਜਾਰੀ ਹੈ ਅਤੇ ਘਟਨਾ ਬਾਰੇ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।"
ਨਗਰ ਨਿਗਮ ਨੇ ਕਿਹਾ ਕਿ ਇਮਾਰਤ ਲਗਪਗ 20-25 ਸਾਲ ਪੁਰਾਣੀ ਸੀ ਅਤੇ ਘਟਨਾ ਦੇ ਸਮੇਂ ਇਸ ਵਿੱਚ ਲੋਕ ਰਹਿ ਰਹੇ ਸਨ। ਨਿਗਮ ਨੇ ਕਿਹਾ, "ਇਸ ਇਮਾਰਤ ਤੋਂ ਇਲਾਵਾ, ਇੱਕ ਨਾਲ ਲੱਗਦੀ ਇਮਾਰਤ ਦੀਆਂ ਕੰਧਾਂ ਡਿੱਗ ਗਈਆਂ ਹਨ, ਜਦੋਂ ਕਿ ਘਟਨਾ ਦੇ ਪ੍ਰਭਾਵ ਕਾਰਨ ਨੇੜੇ ਦੀ ਇੱਕ ਮਸਜਿਦ ਦੀ ਚਾਰਦੀਵਾਰੀ ਵੀ ਢਹਿ ਗਈ ਹੈ।"

