Delhi Air Quality: ਦਿੱਲੀ ਵਿੱਚ ਪਿਛਲੇ 83 ਦਿਨਾਂ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ
ਏ ਕਿਊ ਆਈ 187 'ਤੇ ਪਹੁੰਚਿਆ
ਦਿੱਲੀ ਵਿੱਚ ਐਤਵਾਰ ਨੂੰ ਹਵਾ ਦੀ ਗੁਣਵੱਤਾ ਪਿਛਲੇ 83 ਦਿਨਾਂ ਵਿੱਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ ਅਤੇ ਏ ਕਿਊ ਆਈ 187 ਉੱਤੇ ਪਹੁੰਚ ਗਿਆ ਹੈ, ਜੋ 'ਦਰਮਿਆਨੀ' (ਮੱਧਮ) ਸ਼੍ਰੇਣੀ ਵਿੱਚ ਆਉਂਦਾ ਹੈ।
ਸ਼ਹਿਰ ਦੀ ਹਵਾ ਦੀ ਗੁਣਵੱਤਾ ਇਸ ਤੋਂ ਪਹਿਲਾਂ 13 ਜੁਲਾਈ ਨੂੰ ਇਸ ਤੋਂ ਵੀ ਵੱਧ ਖਰਾਬ ਰਹੀ ਸੀ, ਜਦੋਂ ਏ ਕਿਊ ਆਈ 246 ਦਰਜ ਕੀਤਾ ਗਿਆ ਸੀ। 'ਸਮੀਰ' ਐਪ ਮੁਤਾਬਕ, ਦਿੱਲੀ ਦੇ 16 ਨਿਗਰਾਨੀ ਕੇਂਦਰਾਂ 'ਤੇ ਹਵਾ ਦੀ ਗੁਣਵੱਤਾ 'ਖਰਾਬ' ਸ਼੍ਰੇਣੀ ਵਿੱਚ ਰਹੀ। ਮੁੰਡਕਾ ਵਿੱਚ ਸਭ ਤੋਂ ਵੱਧ 273 ਏ ਕਿਊ ਆਈ ਦਰਜ ਕੀਤਾ ਗਿਆ, ਜਦਕਿ ਨਰੇਲਾ ਵਿੱਚ ਇਹ 257 ਰਿਹਾ।
ਕੁੱਲ 26 ਨਿਗਰਾਨੀ ਕੇਂਦਰਾਂ 'ਤੇ ਏ ਕਿਊ ਆਈ 'ਦਰਮਿਆਨੀ' ਸ਼੍ਰੇਣੀ ਵਿੱਚ ਰਿਹਾ, ਜਦਕਿ ਬੁਰਾੜੀ ਇੱਕੋ-ਇੱਕ ਅਜਿਹਾ ਕੇਂਦਰ ਰਿਹਾ ਜਿੱਥੇ ਹਵਾ ਦੀ ਗੁਣਵੱਤਾ 'ਤਸੱਲੀਬਖਸ਼' ਸ਼੍ਰੇਣੀ ਵਿੱਚ ਰਹੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ, 0 ਤੋਂ 50 ਵਿਚਕਾਰ ਏ ਕਿਊ ਆਈ ਨੂੰ 'ਚੰਗਾ', 51 ਤੋਂ 100 ਵਿਚਕਾਰ 'ਤਸੱਲੀਬਖਸ਼', 101 ਤੋਂ 200 ਵਿਚਕਾਰ 'ਦਰਮਿਆਨਾ', 201 ਤੋਂ 300 ਵਿਚਕਾਰ 'ਖਰਾਬ', 301 ਤੋਂ 400 ਵਿਚਕਾਰ 'ਬਹੁਤ ਖਰਾਬ' ਅਤੇ 401 ਤੋਂ 500 ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
ਭਾਰਤੀ ਖੇਤੀ ਖੋਜ ਸੰਸਥਾਨ ਮੁਤਾਬਕ, 15 ਸਤੰਬਰ ਤੋਂ 3 ਅਕਤੂਬਰ ਦੇ ਵਿਚਕਾਰ ਪੰਜਾਬ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਕੁੱਲ 203 ਘਟਨਾਵਾਂ ਦਰਜ ਕੀਤੀਆਂ ਗਈਆਂ।
ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਦਿੱਲੀ ਵਿੱਚ ਅਸਮਾਨ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

