ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਉੱਤਰ-ਪੱਛਮੀ ਦਿੱਲੀ ਸਥਿਤ ਸ਼ਾਹਬਾਦ ਵਿੱਚ ਇੱਕ 16 ਸਾਲਾਂ ਦੀ ਲੜਕੀ ‘ਤੇ ਪਹਿਲਾਂ ਚਾਕੂ ਨਾਲ ਅਤੇ ਮਗਰੋਂ ਪੱਥਰ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰਨ ਵਾਲੇ ਲੜਕੇ ਨੂੰ ਦਿੱਲੀ ਪੁਲੀਸ ਨੇ ਅੱਜ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਾਹਿਲ (20) ਵਜੋਂ ਹੋਈ ਹੈ, ਜੋ ਏਸੀ ਤੇ ਫਰਿੱਜਾਂ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਐਤਵਾਰ ਰਾਤ ਨੂੰ ਵਾਪਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਮੁਲਜ਼ਮ ਲੜਕੀ ‘ਤੇ ਚਾਕੂ ਨਾਲ ਵਾਰ ਕਰਦਾ ਦਿਖਾਈ ਦੇ ਰਿਹਾ ਹੈ ਤੇ ਕੋਲੋਂ ਲੋਕ ਲੰਘਦੇ ਦਿਖਾਈ ਦੇ ਰਹੇ ਹਨ। ਉਹ ਉਸ ਵੱਲ ਵੇਖ ਰਹੇ ਹਨ, ਪਰ ਕਿਸੇ ਨੇ ਵੀ ਉਸ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲੀਸ ਸੂਤਰਾਂ ਅਨੁਸਾਰ ਮ੍ਰਿਤਕ ਲੜਕੀ ਸ਼ਾਹਬਾਦ ਡੇਅਰੀ ਸਥਿਤ ਜੇਜੇ ਕਲੋਨੀ ਦੀ ਵਸਨੀਕ ਸੀ ਤੇ ਇਥੇ ਹੀ ਸੜਕ ‘ਤੇ ਉਸ ਦੀ ਲਾਸ਼ ਪਈ ਮਿਲੀ ਸੀ। ਮੁਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ, ਪਰ ਬੀਤੇ ਸ਼ਨਿਚਰਵਾਰ ਕਿਸੇ ਗੱਲ ਤੋਂ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਐਤਵਾਰ ਰਾਤ ਨੂੰ ਜਦੋਂ ਇਹ ਹਾਦਸਾ ਵਾਪਰਿਆ, ਉਸ ਵੇਲੇ ਲੜਕੀ ਆਪਣੀ ਇੱਕ ਸਹੇਲੀ ਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸ਼ਾਹਬਾਦ ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਸੀ। ਹਾਲਾਂਕਿ ਹਾਲੇ ਤੱਕ ਇਸ ਹਮਲੇ ਪਿਛਲਾ ਮੁੱਖ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ।
ਇਸ ਸਬੰਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਰਾਜਪਾਲ ਵੀ ਕੇ ਸਕਸੈਨਾ ਨੂੰ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਦਿੱਲੀ ਵਿੱਚ ਇੱਕ ਨਾਬਾਲਗ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਬਹੁਤ ਹੀ ਦੁੱਖਦਾਈ ਅਤੇ ਮੰਦਭਾਗਾ ਹੈ। ਅਪਰਾਧੀ ਬੇਖੌਫ਼ ਹੋ ਗਏ ਹਨ ਤੇ ਦਿੱਲੀ ਪੁਲੀਸ ਦਾ ਕੋਈ ਡਰ ਨਹੀਂ ਰਿਹਾ…ਐੱਲਜੀ ਸਰ, ਕਾਨੂੰਨ ਵਿਵਸਥਾ ਬਣਾਈ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ…ਕੁਝ ਕਰੋ।’ ਇਸ ਸਬੰਧੀ ‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਵੀ ਟਵੀਟ ਕਰਕੇ ਕਿਹਾ, ‘ਮੈਂ ਐੱਲਜੀ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਸੰਵਿਧਾਨਕ ਤੌਰ ‘ਤੇ ਦਿੱਲੀ ਵਾਸੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਪਰ ਉਹ ਆਪਣਾ ਸਾਰਾ ਸਮਾਂ ਕੇਜਰੀਵਾਲ ਦੇ ਕੰਮਾਂ ਵਿੱਚ ਅੜਿੱਕੇ ਡਾਹੁਣ ਲਈ ਵਰਤਦੇ ਹਨ।’ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇਸ ਹਾਦਸੇ ਦੀ ਤੁਲਨਾ ਸ਼੍ਰਧਾ ਵਾਲਕਰ ਕਤਲ ਮਾਮਲੇ ਨਾਲ ਕੀਤੀ ਹੈ, ਜਿਸ ਦੇ ਪ੍ਰੇਮੀ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰਨ ਮਗਰੋਂ ਉਸ ਦੇ ਸਰੀਰ ਦੇ ਕਈ ਟੁਕੜੇ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ, ‘ਦਿੱਲੀ ਵਿੱਚ ਬੇਰਹਿਮੀ ਨਾਲ ਕਤਲ ਹੋਈ ਸ਼੍ਰਧਾ ਵਾਲਕਰ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਪਤਾ ਨਹੀਂ ਸ਼੍ਰਧਾ ਵਰਗੀਆਂ ਹੋਰ ਕਿੰਨੀਆਂ ਲੜਕੀਆਂ ਇਸ ਦਰਿੰਦਗੀ ਦਾ ਸ਼ਿਕਾਰ ਹੋਣਗੀਆਂ।
ਦਿੱਲੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਵਿੱਚ ਕਾਨੂੰਨ ਵਿਵਸਥਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਕਿਸੇ ਨੂੰ ਵੀ ਪੁਲੀਸ ਦਾ ਡਰ ਨਹੀਂ ਰਿਹਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਕੇਂਦਰ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਕਰਕੇ ਬਣਦੀ ਕਾਰਵਾਈ ਕਰੇ।
ਭਾਜਪਾ ਨੇ ਨਾਬਾਲਗ ਦੇ ਕਤਲ ਨੂੰ ਲਵ ਜਹਾਦ ਨਾਲ ਜੋੜਿਆ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇਥੇ ਕਿਹਾ ਕਿ ਇੱਕ ਮੁਸਲਿਮ ਨੌਜਵਾਨ ਵੱਲੋਂ ਹਿੰਦੂ ਲੜਕੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨੇ ਸਾਬਤ ਕਰ ਦਿੱਤਾ ਹੈ ਕਿ ਲਵ ਜਹਾਦ ਦੇ ਮਾਮਲੇ ਹੁਣ ਕੌਮੀ ਰਾਜਧਾਨੀ ਵਿੱਚ ਵੀ ਆ ਗਏ ਹਨ। ਆਫਤਾਬ-ਸ਼੍ਰਧਾ ਮਾਮਲੇ ਨੇ ਕੁਝ ਸਮਾਂ ਪਹਿਲਾਂ ਦਿੱਲੀ ਅਤੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਹੁਣ ਇਸ ਮਾਮਲੇ ਨੇ ਇਕ ਵਾਰ ਫਿਰ ਦਿੱਲੀ ਵਾਸੀਆਂ ਨੂੰ ਲਵ ਜਹਾਦ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਸਚਦੇਵਾ ਨੇ ਕਿਹਾ ਕਿ ਪਤਾ ਲੱਗਿਆ ਹੈ ਕਿ ਸਾਹਿਲ ਸਰਫਰਾਜ਼ ਲੰਬੇ ਸਮੇਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਪਰ ਜਦੋਂ ਲੜਕੀ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗ਼ਲਤ ਢੰਗ ਨਾਲ ਲਵ ਜਹਾਦ ਦੇ ਇਸ ਮਾਮਲੇ ਨੂੰ ਕਾਨੂੰਨ ਵਿਵਸਥਾ ਦਾ ਮੁੱਦਾ ਬਣਾ ਕੇ ਪੇਸ਼ ਕਰ ਰਹੇ ਹਨ।