ਯਮੁਨਾ ਬਾਜ਼ਾਰ ਵਿੱਚ DDA ਨੇ ਨਾਜਾਇਜ਼ ਕਬਜ਼ੇ ਹਟਾਏ
ਦਿੱਲੀ ਵਿਕਾਸ ਅਥਾਰਿਟੀ ਨੇ ਨੋਟਿਸ ਜਾਰੀ ਕਰਨ ਤੋਂ ਬਾਅਦ ਕਾਰਵਾਈ ਕੀਤੀ
ਦਿੱਲੀ ਦੇ ਯਮੁਨਾ ਬਾਜ਼ਾਰ ਇਲਾਕੇ ਵਿੱਚ ਅੱਜ ਡੀ ਡੀ ਏ (ਦਿੱਲੀ ਵਿਕਾਸ ਅਥਾਰਿਟੀ) ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਤੋੜ-ਭੰਨ੍ਹ ਦੀ ਮੁਹਿੰਮ ਚਲਾਈ ਗਈ। ਇਹ ਕਾਰਵਾਈ ਡੀ ਡੀ ਏ ਵੱਲੋਂ ਘਾਟਾਂ ਦੇ ਨਿਵਾਸੀਆਂ ਨੂੰ ਆਪਣੀ ਮਰਜ਼ੀ ਨਾਲ ਜਗ੍ਹਾ ਖਾਲੀ ਕਰਨ ਲਈ ਇੱਕ ਨਵਾਂ ਨੋਟਿਸ ਜਾਰੀ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘ਅਸੀਂ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਅਤੇ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੀ ਫੋਰਸ ਤਾਇਨਾਤ ਕੀਤੀ ਹੈ।’ ਇੱਕ ਸਥਾਨਕ ਨਿਵਾਸੀ ਨੇ ਦੱਸਿਆ, ‘ਇਹ ਕਾਰਵਾਈ ਸਵੇਰੇ ਲਗਭਗ 6 ਵਜੇ ਸ਼ੁਰੂ ਹੋਈ ਸੀ। ਇੱਥੇ ਲਗਭਗ 80 ਪਰਿਵਾਰ ਰਹਿ ਰਹੇ ਹਨ।’ ਅਧਿਕਾਰੀਆਂ ਨੇ ਇਸ ਇਲਾਕੇ ਨੂੰ ਯਮੁਨਾ ਦੇ ਨਾਲ ਲੱਗਦੇ ‘ਓ-ਜ਼ੋਨ’ ਵਜੋਂ ਦਰਸਾਇਆ ਹੈ, ਜੋ ਕਿ ਇੱਕ ਸੁਰੱਖਿਅਤ, ਨਿਰਮਾਣ-ਮੁਕਤ ਹੜ੍ਹ ਮੈਦਾਨ ਐਲਾਨਿਆ ਗਿਆ ਹੈ ਅਤੇ ਇਹ ਡੀ ਡੀ ਏ ਦੇ ਪ੍ਰਬੰਧਨ ਅਧੀਨ ਆਉਂਦਾ ਹੈ। 23 ਜੂਨ ਦੇ ਨੋਟਿਸ ਵਿੱਚ ਕਿਹਾ ਗਿਆ ਸੀ, ‘ਯਮੁਨਾ ਬਾਜ਼ਾਰ ਘਾਟ ਨੰਬਰ 2 ਤੋਂ 32 ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਦਿੱਲੀ ਵਿਕਾਸ ਅਥਾਰਿਟੀ ਨੂੰ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ, ਡੀ ਡੀ ਏ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਯਮੁਨਾ ਨਦੀ ਦੇ ਹੜ੍ਹ ਮੈਦਾਨ ਵਾਲੇ ਖੇਤਰ ਨੂੰ ਹਰ ਕਿਸਮ ਦੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਣਾ ਹੈ।’

