CRIME: ਜਬਰ-ਜਨਾਹ ਮਾਮਲੇ ’ਚ ਉਪ ਰਾਜਪਾਲ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ
ਹਫ਼ਤੇ ’ਚ ਸੇਫਟੀ ਆਡਿਟ ਅਤੇ ਪਾਰਕਾਂ ਨੇਡ਼ੇ ‘ਪਿੰਕ ਪੁਲੀਸ’ ਤਾਇਨਾਤ ਕਰਨ ਦੀ ਹਦਾਇਤ
ਕਾਲਕਾਜੀ ਮੰਦਰ ਨੇੜੇ ਆਸਥਾ ਕੁੰਜ ਪਾਰਕ ਵਿੱਚ ਸਮੂਹਿਕ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਦਿੱਲੀ ਦੇ ਸਾਰੇ ਪਾਰਕਾਂ ਦੀ ਸੁਰੱਖਿਆ ਦੀ ਸਮੀਖਿਆ ਅਤੇ ਆਲੇ-ਦੁਆਲੇ ‘ਪਿੰਕ ਪੁਲੀਸ’ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਨਗਰ ਨਿਗਮ, ਦਿੱਲੀ ਪੁਲੀਸ ਅਤੇ ਡੀ ਡੀ ਏ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਨਿਰਦੇਸ਼ ਦਿੱਤੇ ਹਨ ਕਿ ਰਾਜਧਾਨੀ ਦੇ ਸਾਰੇ ਪਾਰਕਾਂ ਦਾ ਇੱਕ ਹਫ਼ਤੇ ਦੇ ਅੰਦਰ-ਅੰਦਰ ਵਿਆਪਕ ਸੇਫਟੀ ਆਡਿਟ ਕੀਤਾ ਜਾਵੇ।
ਇਸ ਆਡਿਟ ਦੌਰਾਨ ਢੁੱਕਵੀਂ ਰੌਸ਼ਨੀ, ਸੁਰੱਖਿਆ ਪ੍ਰਬੰਧਾਂ, ਨਿਯਮਤ ਪੁਲੀਸ ਗਸ਼ਤ ਅਤੇ ਸਫਾਈ ਵਰਗੇ ਪਹਿਲੂਆਂ ਦਾ ਜਾਇਜ਼ਾ ਲਿਆ ਜਾਵੇਗਾ। ਉਪ ਰਾਜਪਾਲ ਨੇ ਹਦਾਇਤ ਕੀਤੀ ਹੈ ਕਿ ਪਾਰਕਾਂ ਦੇ ਸੁਰੱਖਿਆ ਨਿਰੀਖਣ ਦੌਰਾਨ ਲੋੜੀਂਦੀ ਅਤੇ ਕਾਰਜਸ਼ੀਲ ਰੌਸ਼ਨੀ ਦੀ ਉਪਲਬਧਤਾ ਯਕੀਨੀ ਬਣਾਉਣ ਨੂੰ ਪਹਿਲ ਦਿੱਤੀ ਜਾਵੇ। ਆਸਥਾ ਕੁੰਜ ਪਾਰਕ ਵਿੱਚ ਵਾਪਰੀ ਘਟਨਾ ਤੋਂ ਬਾਅਦ ਉਠਾਏ ਗਏ ਸੁਰੱਖਿਆ ਸਬੰਧੀ ਖਦਸ਼ਿਆਂ ਵਿੱਚ ਪਾਰਕ ਦੇ ਕਈ ਹਿੱਸਿਆਂ ਵਿੱਚ ਹਨੇਰੇ ਅਤੇ ਨਿਗਰਾਨੀ ਦੀ ਘਾਟ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਹੈ। ਇੱਕ ਰਿਪੋਰਟ ਅਨੁਸਾਰ ਪਾਰਕ ਵਿੱਚ ਕਈ ਲੈਂਪ ਪੋਸਟ ਖਰਾਬ ਸਨ ਅਤੇ ਉੱਥੇ ਸੀ ਸੀ ਟੀ ਵੀ ਦੀ ਵੀ ਘਾਟ ਸੀ। ਸੰਧੂ ਨੇ ਦਿੱਲੀ ਪੁਲੀਸ ਨੂੰ ਪਾਰਕਾਂ ਦੇ ਆਲੇ-ਦੁਆਲੇ ਗਸ਼ਤ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪਾਰਕਾਂ ਦੇ ਨੇੜਲੇ ਖੇਤਰਾਂ ਵਿੱਚ ਪਿੰਕ ਪੁਲੀਸ ਦੇ ਜਵਾਨ ਤਾਇਨਾਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ।
ਉਪ ਰਾਜਪਾਲ ਦੇ ਇਹ ਨਿਰਦੇਸ਼ ਦੱਖਣੀ ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਸਥਿਤ ਆਸਥਾ ਕੁੰਜ ਪਾਰਕ ਵਿੱਚ ਇੱਕ 17 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਜਾਰੀ ਕੀਤੇ ਹਨ।
ਪੁਲੀਸ ਅਨੁਸਾਰ ਤਿੰਨ ਮੁਲਜ਼ਮਾਂ ਨੇ ਖ਼ੁਦ ਨੂੰ ਪੁਲੀਸ ਮੁਲਾਜ਼ਮ ਦੱਸ ਕੇ ਪਾਰਕ ਵਿੱਚ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕੀਤਾ। ਇਸ ਮਾਮਲੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈੱਨ (ਐੱਲ ਐੱਸ ਆਰ) ਕਾਲਜ ਤੋਂ ਥੋੜ੍ਹੀ ਦੂਰ ਆਸਥਾ ਕੁੰਜ ਪਾਰਕ ਵਿੱਚ ਵਾਪਰੀ ਸੀ।
ਪੁਲੀਸ ਵੱਲੋਂ ਐੱਲ ਐੱਸ ਆਰ ’ਚ ਸੁਰੱਖਿਆ ਦੀ ਸਮੀਖਿਆ
ਨਵੀਂ ਦਿੱਲੀ: ਦੱਖਣੀ ਰੇਂਜ ਦੇ ਸੰਯੁਕਤ ਪੁਲੀਸ ਕਮਿਸ਼ਨਰ ਵਿਜੇ ਕੁਮਾਰ ਸਣੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਆਸਥਾ ਕੁੰਜ ਪਾਰਕ ਵਿੱਚ 17 ਸਾਲਾ ਲੜਕੀ ਨਾਲ ਸਮੂਹਕ ਜਬਰ-ਜਨਾਹ ਮਗਰੋਂ ਅੱਜ ਲੇਡੀ ਸ੍ਰੀ ਰਾਮ ਕਾਲਜ ਫਾਰ ਵਿਮੈੱਨ (ਐੱਲ ਐੱਸ ਆਰ) ਦਾ ਦੌਰਾ ਕੀਤਾ ਅਤੇ ਕਾਲਜ ਦੀ ਪ੍ਰਿੰਸੀਪਲ ਨਾਲ ਮੀਟਿੰਗ ਕੀਤੀ। ਆਸਥਾ ਕੁੰਜ ਪਾਰਕ ਕਾਲਜ ਤੋਂ ਲਗਪਗ ਦੋ ਕਿਲੋਮੀਟਰ ਦੂਰ ਸਥਿਤ ਹੈ ਅਤੇ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਵਿਦਿਆਰਥਣਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ, ਜਿਸ ਤੋਂ ਬਾਅਦ ਕਾਲਜ ਨੇ ਰੈਗੂਲਰ ਕਲਾਸਾਂ ਰੱਦ ਕਰ ਦਿੱਤੀਆਂ ਸਨ ਅਤੇ ਉਨ੍ਹਾਂ ਨੂੰ ਔਨਲਾਈਨ ਕਰ ਦਿੱਤਾ ਸੀ। ਹੁਣ ਵੀਰਵਾਰ ਤੋਂ ਔਫ਼ਲਾਈਨ ਕਲਾਸਾਂ ਮੁੜ ਸ਼ੁਰੂ ਹੋਣਗੀਆਂ ਇਸ ਦੇ ਇੱਕ ਦਿਨ ਬਾਅਦ ਸੀਨੀਅਰ ਅਧਿਕਾਰੀ ਦਿੱਲੀ ਯੂਨੀਵਰਸਿਟੀ ਦੇ ਇਸ ਕਾਲਜ ਵਿੱਚ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਤਹਿਤ ਦਿੱਲੀ ਪੁਲੀਸ ਦੇ ਜਵਾਨਾਂ ਨੂੰ ਕਾਲਜ ਕੈਂਪਸ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵਿਦਿਆਰਥਣਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਕਾਲਜ ਪ੍ਰਸ਼ਾਸਨ ਨਾਲ ਚਰਚਾ ਕੀਤੀ ਅਤੇ ਕੈਂਪਸ ਦੇ ਆਲੇ-ਦੁਆਲੇ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। -ਪੀਟੀਆਈ

