ਈ-ਕੂੜਾ ਗੁਦਾਮਾਂ ’ਤੇ ਕੱਸਿਆ ਸ਼ਿਕੰਜਾ
ਪੂਰਬੀ ਦਿੱਲੀ ਦੇ ਰਿਹਾਇਸ਼ੀ ਇਲਾਕਿਆਂ ’ਚ ਚੱਲ ਰਹੇ ਗੈਰ-ਕਾਨੂੰਨੀ ਈ-ਕੂੜਾ ਗੁਦਾਮ ਵਾਤਾਵਰਨ ਲਈ ਇੱਕ ਗੰਭੀਰ ਖ਼ਤਰਾ ਬਣ ਗਏ ਹਨ, ਜਿਸ ਦੇ ਚਲਦਿਆਂ ਦਿੱਲੀ ਨਗਰ ਨਿਗਮ ਨੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਗਮ ਦੇ ਸ਼ਾਹਦਰਾ ਉੱਤਰੀ ਜ਼ੋਨ ਦਫ਼ਤਰ ਨੇ ਮੁਸਤਫਾਬਾਦ ਇਲਾਕੇ ਵਿੱਚ ਈ-ਕੂੜਾ ਸਟੋਰਾਂ ਦੀ ਪਛਾਣ ਕਰਕੇ 80 ਤੋਂ ਵੱਧ ਗੋਦਾਮਾਂ ਦੀ ਸੂਚੀ ਤਿਆਰ ਕੀਤੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਵਿੱਚੋਂ 35 ਗਦਾਮਾਂ ’ਤੇ ਨੋਟਿਸ ਲਗਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਆਪਣੀਆਂ ਗਤੀਵਿਧੀਆਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਅਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਈ-ਕੂੜੇ ਦੇ ਗਲਤ ਨਿਪਟਾਰੇ ਨਾਲ ਜ਼ਮੀਨ, ਪਾਣੀ ਅਤੇ ਹਵਾ ਪ੍ਰਦੂਸ਼ਣ ਵਧਦਾ ਹੈ, ਅਤੇ ਇਸ ਵਿੱਚੋਂ ਨਿਕਲਣ ਵਾਲੇ ਸੀਸਾ, ਪਾਰਾ ਅਤੇ ਕੈਡਮੀਅਮ ਵਰਗੇ ਰਸਾਇਣ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ। ਨਿਗਮ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸੁਰੱਖਿਆ ਲਈ ਅਜਿਹੇ ਗੈਰ-ਕਾਨੂੰਨੀ ਕਾਰੋਬਾਰਾਂ ਦੀ ਸੂਚਨਾ ਆਪਣੇ ਸਥਾਨਕ ਦਫ਼ਤਰਾਂ ਵਿੱਚ ਦੇਣ। ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਗੋਕਲਪੁਰੀ, ਸੀਮਾਪੁਰੀ ਅਤੇ ਸੀਲਮਪੁਰ ਵਰਗੇ ਹੋਰ ਇਲਾਕਿਆਂ ਵਿੱਚ ਵੀ ਚਲਾਈ ਜਾਵੇਗੀ।
ਇਸੇ ਦੌਰਾਨ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ ਪੀ ਸੀ ਸੀ) ਨੇ ਵੀ ਪੁਲੀਸ ਅਤੇ ਨਿਗਮ ਨਾਲ ਮਿਲ ਕੇ ਘੋਂਡਾ ਅਤੇ ਸੋਨੀਆ ਵਿਹਾਰ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਰਸਾਇਣਕ ਇਕਾਈਆਂ ’ਤੇ ਛਾਪੇ ਮਾਰੇ। ਕਈ ਇਕਾਈਆਂ ਦੇ ਮਾਲਕ ਕਾਰਵਾਈ ਦੇ ਡਰੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ।
