ਸਮਾਜਿਕ ਦੂਰੀ ਨੇਮਾਂ ਸਮੇਤ ਹੋਰ ਸਾਵਧਾਨੀਆਂ ਵਰਤਣ ਦੀ ਸਲਾਹ
ਨਵੀਂ ਦਿੱਲੀ, 4 ਜੂਨ
ਸਿਹਤ ਮੰਤਰਾਲੇ ਨੇ ਆਪਣੇ ਕਈ ਅਧਿਕਾਰੀਆਂ ਦੇ ਕਰੋਨਾ ਪਾਜ਼ੇਟਿਵ ਨਿਕਲਣ ਮਗਰੋਂ ਇਕ ਮੈਮੋਰੰਡਮ ਜਾਰੀ ਕਰਦਿਆਂ ਸਾਰੇ ਸਟਾਫ਼ ਮੈਂਬਰਾਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹਤਿਆਤੀ ਕਦਮਾਂ ਦੀ ‘ਸਖ਼ਤੀ’ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਲੰਘੇ ਦਿਨ ਜਾਰੀ ਯਾਦ ਪੱਤਰ ਵਿੱਚ ਮੰਤਰਾਲੇ ਨੇ ਕਿਹਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਦਫ਼ਤਰੀ ਅਹਾਤੇ (ਨਿਰਮਾਣ ਭਵਨ) ਵਿੱਚ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਨਹੀਂ ਹੋ ਰਹੀ। ਮੰਤਰਾਲੇ ਨੇ ਇਹਤਿਆਤ ਵਜੋਂ ਚੁੱਕੇ ਜਾਣ ਵਾਲੇ ਕਦਮਾਂ ਦੀ ਇਕ ਸੂਚੀ ਜਾਰੀ ਕਰਦਿਆਂ ਕਿਹਾ ਕਿ ਸਾਰੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਲਾਜ਼ਮੀ ਹੈ ਤੇ ਸਿਰਫ਼ ਅਜਿਹੇ ਵਿਅਕਤੀ ਨੂੰ ਦਫ਼ਤਰ ਆਉਣ ਦੀ ਖੁੱਲ੍ਹ ਹੋਵੇਗੀ, ਜਿਨ੍ਹਾਂ ਵਿੱਚ ਕੋਵਿਡ-19 ਦੇ ਕੋਈ ਲੱਛਣ ਨਹੀਂ ਹਨ। ਸਟਾਫ਼ ਮੈਂਬਰ ਸਮਾਜਿਕ ਦੂਰੀ ਨੇਮਾਂ ਦੀ ਲਾਜ਼ਮੀ ਪਾਲਣਾ ਕਰਨਗੇ। ਸਾਰੀਆਂ ਮੀਟਿੰਗਾਂ ਤੇ ਕਾਨਫਰੰਸਾਂ ਆਨਲਾਈਨ ਹੋਣਗੀਆਂ ਤੇ ਹੰਗਾਮੀ ਹਾਲਾਤ ਵਿੱਚ ਘਰੋਂ ਕੰਮ ਕਰਨ ਦੀ ਖੁੱਲ੍ਹ ਹੋਵੇਗੀ। ਵਾਸ਼ਰੂਮ, ਐਲੀਵੇਟਰ ਤੇ ਪੌੜੀਆਂ ਸਮੇਤ ਸਿਹਤ ਮੰਤਰਾਲੇ ਦਾ ਪੂਰਾ ਦਫ਼ਤਰੀ ਨਿਵਾਸ 6 ਤੇ 7 ਜੂਨ ਨੂੰ ਸੈਨੇਟਾਈਜ਼ੇਸ਼ਨ ਲਈ ਬੰਦ ਰਹੇਗਾ। ਦਫ਼ਤਰ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਮੁਕੰਮਲ ਪਾਬੰਦੀ ਰਹੇਗੀ। ਸਾਰੇ ਮੁਲਾਜ਼ਮ ਵੱਧ ਤੋਂ ਵੱਧ ਪੌੜੀਆਂ ਦੀ ਵਰਤੋਂ ਕਰਨਗੇ।