ਕੋਵਿਡ-19: ਦਿੱਲੀ ਵਿੱਚ ਹਾਲਾਤ ਕਾਬੂ ਹੇਠ: ਕੇਜਰੀਵਾਲ

ਨਵੀਂ ਦਿੱਲੀ, 9 ਅਗਸਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਹਾ ਹੈ ਕਿ ਦਿੱਲੀ ਵਿੱਚ ਕੋਵਿਡ-19 ਸਬੰਧੀ ਹਾਲਾਤ ਕਾਬੂ ਹੇਠ ਹਨ ਅਤੇ ਮਰੀਜ਼ਾਂ ਦੀ ਠੀਕ ਹੋਣ ਦੀ ਦਰ ਵਿੱਚ ਸੁਧਾਰ ਹੋ ਰਿਹਾ ਹੈ। ਅੰਬੇਡਕਰ ਨਗਰ ਵਿੱਚ ਇੱਕ ਹਸਪਤਾਲ ਦੇ ਉਦਘਾਟਨ ਸਮਾਗਮ ਵਿੱਚ ਉਨ੍ਹਾਂ ਕਿਹਾ ਕਿ ਜੇ ਹਾਲਾਤ ਇੱਕ ਵਾਰ ਫਿਰ ਵਿਗੜ ਜਾਂਦੇ ਹਨ ਤਾਂ ਸਰਕਾਰ ਇਸ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।  ਕੇਜਰੀਵਾਲ ਨੇ ਕਿਹਾ ਕਿ ਹਸਪਤਾਲ ਦਾ ਉਦਘਾਟਨ ਸ਼ਹਿਰ ਵਿੱਚ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵੱਲ ਇਕ ਕਦਮ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਕੋਵਿਡ -19 ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਹੌਲੀ-ਹੌਲੀ ਵਧਾ ਦਿੱਤੀ ਹੈ।’  ਸ੍ਰੀ ਕੇਜਰੀਵਾਲ ਨੇ ਕਿਹਾ ਇਹ ਹਸਪਤਾਲ 2013 ਵਿੱਚ ਬਣਾਇਆ ਗਿਆ ਸੀ, ਜੋ 600 ਬਿਸਤਰਿਆਂ ਵਾਲਾ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਫਿਲਹਾਲ 200 ਬਿਸਤਰਿਆਂ ਦੀ ਸਹੂਲਤ ਨਾਲ ਇਸ ਹਸਪਤਾਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਵੇਗੀ।   

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਭਵਿੱਖ ਵਿੱਚ ਇਨ੍ਹਾਂ ਬਿਸਤਰਿਆਂ ਦੀ ਜ਼ਰੂਰਤ ਹੀ ਨਾ ਪਵੇ  ਅਤੇ ਕਦੇ ਵੀ ਅਜਿਹੀ ਸਥਿਤੀ ਵਿੱਚ ਵਾਪਸ ਨਹੀਂ ਜਾਣਾ ਚਾਹੀਦਾ ਜਿੱਥੇ ਸਾਨੂੰ ਇਹ ਬਿਸਤਰੇ ਵਰਤਣੇ ਪੈਣ, ਪਰ ਫਿਰ ਵੀ ਜੇ ਸਥਿਤੀ ਫਿਰ ਵਿਗੜਦੀ ਹੈ ਤਾਂ ਉਹ ਇਸ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।   ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਬਾਕੀ ਬੈੱਡ ਅਤੇ ਆਈਸੀਯੂ ਡੇਢ ਮਹੀਨੇ ਵਿੱਚ ਵਰਤੋਂ ਲਈ ਤਿਆਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 25 ਜੁਲਾਈ ਨੂੰ ਕੇਜਰੀਵਾਲ ਨੇ ਬੁਰਾੜੀ ਵਿੱਚ 450 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਸੀ।  -ਪੀਟੀਆਈ

ਬਾਹਰੀ ਮਰੀਜ਼ਾਂ ਦੀ ਜਾਂਚ ਕਾਰਨ ਕੇਸ ਵਧੇ: ਜੈਨ 

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਜ ਰਾਜਧਾਨੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਲਈ ਬਾਹਰ ਦੇ ਮਰੀਜ਼ਾਂ ਦੀ ਇਥੇ ਜਾਂਚ ਕਾਰਵਾਉਣ ਨੂੰ ਜ਼ਿੰਮੇਵਾਰ ਮੰਨਿਆ ਹੈ। ਸ਼ਨਿਚਰਵਾਰ ਨੂੰ ਦਿੱਲੀ ਵਿਚ ਕੋਵਿਡ -19 ਦੇ 1404 ਨਵੇਂ ਕੇਸ ਸਾਹਮਣੇ ਆਏ ਅਤੇ 16 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਤਰ੍ਹਾਂ ਕੌਮੀ ਰਾਜਧਾਨੀ ਵਿੱਚ ਕਰੋਨਾ ਵਾਇਰਸ ਦੇ 1,44,127 ਮਾਮਲੇ ਸਾਹਮਣੇ ਆਏ ਹਨ। ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨ 1130 ਮਰੀਜ਼ ਠੀਕ ਹੋਏ ਅਤੇ ਇਸ ਵੇਲੇ 10668 ਮਰੀਜ਼ ਇਲਾਜ ਅਧੀਨ ਹਨ ਜਦਕਿ 4098 ਮਰੀਜ਼ਾਂ ਨੇ ਹੁਣ ਤੱਕ ਆਪਣੀ ਜਾਨ ਗੁਆਈ ਹੈ।  -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All