ਨਿਗਮ ਚੋਣਾਂ: ਕਾਂਗਰਸ ਵੱਲੋਂ ਸਕੂਲਾਂ ’ਚ ਡੇਅ-ਬੋਰਡਿੰਗ ਸਹੂਲਤ ਤੇ ਹਾਊਸ ਟੈਕਸ ਬਕਾਏ ਮੁਆਫ਼ੀ ਦਾ ਵਾਅਦਾ : The Tribune India

ਨਿਗਮ ਚੋਣਾਂ: ਕਾਂਗਰਸ ਵੱਲੋਂ ਸਕੂਲਾਂ ’ਚ ਡੇਅ-ਬੋਰਡਿੰਗ ਸਹੂਲਤ ਤੇ ਹਾਊਸ ਟੈਕਸ ਬਕਾਏ ਮੁਆਫ਼ੀ ਦਾ ਵਾਅਦਾ

ਅਨਿਲ ਚੌਧਰੀ ਤੇ ਸੁਪ੍ਰਿਆ ਸ੍ਰੀਨੇਤ ਨੇ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ

ਨਿਗਮ ਚੋਣਾਂ: ਕਾਂਗਰਸ ਵੱਲੋਂ ਸਕੂਲਾਂ ’ਚ ਡੇਅ-ਬੋਰਡਿੰਗ ਸਹੂਲਤ ਤੇ ਹਾਊਸ ਟੈਕਸ ਬਕਾਏ ਮੁਆਫ਼ੀ ਦਾ ਵਾਅਦਾ

ਦਿੱਲੀ ਵਿੱਚ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਅਨਿਲ ਕੁਮਾਰ, ਅਜੌਏ ਕੁਮਾਰ ਤੇ ਹੋਰ ਨੇਤਾ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 39 ਨਵੰਬਰ

ਦਿੱਲੀ ਕਾਂਗਰਸ ਵੱਲੋਂ ਅੱਜ ਨਗਰ ਨਿਗਮ ਦੀਆਂ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ’ਚ ਗਰੀਬਾਂ ਨੂੰ ਆਰਓ ਵਾਟਰ ਪਿਊਰੀਫਾਇਰ, ਐਮਸੀਡੀ ਦੁਆਰਾ ਸੰਚਾਲਿਤ ਸਕੂਲਾਂ ਵਿੱਚ ਡੇਅ-ਬੋਰਡਿੰਗ ਸਹੂਲਤ ਤੇ ਪਿਛਲੇ ਹਾਊਸ ਟੈਕਸ ਦੇ ਬਕਾਏ ਮੁਆਫ਼ ਕਰਨ ਦਾ ਵਾਅਦਾ ਕੀਤਾ। ਕਾਂਗਰਸ ਨੇਤਾ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਦੁਆਰਾ ਮੁਹੱਈਆ ਕਰਵਾਇਆ ਗਿਆ ਪਾਣੀ ਹਮੇਸ਼ਾ ਬਹੁਤ ਦੂਸ਼ਿਤ ਰਿਹਾ ਹੈ। ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਚੌਧਰੀ ਅਤੇ ਪਾਰਟੀ ਦੇ ਦਿੱਲੀ ਇੰਚਾਰਜ ਅਜੌਏ ਕੁਮਾਰ ਵੀ ਮੌਜੂਦ ਸਨ।

ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਐੱਮਸੀਡੀ ਵੱਲੋਂ ਮੁਹੱਈਆ ਕੀਤਾ ਗਿਆ ਪਾਣੀ ਵਰਤੋਂ ਲਈ ਕਦੇ ਵੀ ਸਹੀ ਨਹੀਂ ਰਿਹਾ ਹੈ, ਇਸ ਦੀ ਵਰਤੋਂ ਕਰਨਾ ਭੁੱਲ ਜਾਓ। ਇਹ ਬਹੁਤ ਦੂਸ਼ਿਤ ਹੈ। ਦਿੱਲੀ ਕਾਂਗਰਸ ‘ਸਾਫ਼ ਪਾਣੀ ਵਾਲੀ ਦਿੱਲੀ, ਸ਼ੀਲਾ ਦੀਕਸ਼ਿਤ ਵਾਲੀ ਦਿੱਲੀ’ ਦਾ ਵਾਅਦਾ ਕਰਦੀ ਹੈ। ਕਾਂਗਰਸ ਨੇ ਪ੍ਰਦੂਸ਼ਣ ਤੇ ਕੂੜਾ ਮੁਕਤ ਰਾਸ਼ਟਰੀ ਰਾਜਧਾਨੀ ਦਾ ਵੀ ਵਾਅਦਾ ਕੀਤਾ ਹੈ। ਇਹ ਲੈਂਡਫਿਲ ਸਾਈਟਾਂ ਨੂੰ ਸਾਫ਼ ਕਰਨ ਅਤੇ ਸਾਰਿਆਂ ਲਈ ਬਿਹਤਰ ਪਾਰਕਿੰਗ ਸਹੂਲਤਾਂ ਮੁਹੱਈਆ ਕਰੇਗੀ। ਮੈਨੀਫੈਸਟੋ ਵਿੱਚ ਸ਼ਾਮਲ ਹੋਰ ਵਾਅਦਿਆਂ ’ਤੇ ਉਨ੍ਹਾਂ ਕਿਹਾ ਕਿ ਐੱਮਸੀਡੀ ਦੀ ਅਗਵਾਈ ਵਾਲੇ ਸਕੂਲਾਂ ’ਚ ਡੇਅ-ਬੋਰਡਿੰਗ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਨਾ ਸਿਰਫ਼ ਗਰੀਬਾਂ ਦਾ ਸ਼ਕਤੀਕਰਨ ਹੋਵੇਗਾ ਸਗੋਂ ਬਾਲ ਮਜ਼ਦੂਰੀ ਨੂੰ ਵੀ ਖਤਮ ਕੀਤਾ ਜਾਵੇਗਾ। ਹਾਊਸ ਟੈਕਸ ਦੇ ਨਾਂ ’ਤੇ ਦਿੱਲੀ ਵਾਸੀਆਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਉਹ ਪਿਛਲੇ ਸਾਰੇ ਬਕਾਏ ਮੁਆਫ ਕਰ ਦੇਵੇਗੀ, ਇਸ ਸਮੇਂ ਲਗਾਏ ਜਾ ਰਹੇ ਟੈਕਸ ਨੂੰ ਵੀ ਅੱਧਾ ਕਰ ਦੇਵੇਗੀ। ਉਨ੍ਹਾਂ ਸ਼ਹਿਰ ਵਿੱਚ ਪਾਣੀ ਦੇ ਖੜੋਤ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਟੁੱਟੀਆਂ ਸੀਵਰੇਜ ਲਾਈਨਾਂ ਤੇ ਬੰਦ ਪਏ ਨਾਲਿਆਂ ਨੂੰ ਸਾਫ਼ ਕਰਨ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨੂੰ ਨਾਗਰਿਕ ਸੰਸਥਾ ’ਚ ਸ਼ਾਮਲ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕੀਤਾ ਹੈ।

‘ਆਪ’ ਉਮੀਦਵਾਰ ਖ਼ਿਲਾਫ਼ ਸ਼ਿਕਾਇਤ

ਨਵੀਂ ਦਿੱਲੀ: ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕਰਦਿਆਂ ਦਿੱਲੀ ਭਾਜਪਾ ਨੇ ਅੱਜ ਸਵਾਲ ਕੀਤਾ ਕਿ ਉਹ ਸਵਰੂਪ ਨਗਰ ਵਾਰਡ-19 ਤੋਂ ਐਮਸੀਡੀ ਚੋਣਾਂ ਲਈ ‘ਆਪ’ ਦੇ ਉਮੀਦਵਾਰ ਜੋਗਿੰਦਰ ਸਿੰਘ ਬੰਟੀ ਵਿਰੁੱਧ ਕੀ ਕਦਮ ਚੁੱਕੇਗੀ। ਜਿਨ੍ਹਾਂ ਦੀ ਰਿਵਾਲਵਰ ਨਾਲ ਡਾਂਸ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਿੱਲੀ ਭਾਜਪਾ ਦੀ ਤਰਜਮਾਨ ਰਿਚਾ ਪਾਂਡੇ ਮਿਸ਼ਰਾ ਨੇ ‘ਆਪ’ ਉਮੀਦਵਾਰ ਦੇ ਖਿਲਾਫ ਸਵਰੂਪ ਨਗਰ ਪੁਲਸ ਸਟੇਸ਼ਨ ‘ਚ ਐੱਫਆਈਆਰ ਦਰਜ ਹੋਣ ਤੋਂ ਤੁਰੰਤ ਬਾਅਦ ਟਵੀਟ ਕੀਤਾ, ‘ਅਰਵਿੰਦ ਕੇਜਰੀਵਾਲ ਜੀ, ਕੀ ਤੁਸੀਂ ਆਪਣੀ ਪਾਰਟੀ ਦੇ ਇਸ ਨਵਰਤਨ ਵਿਰੁੱਧ ਕੋਈ ਸਖ਼ਤ ਕਾਰਵਾਈ ਕਰੋਗੇ?’’ ਭਾਜਪਾ ਦੇ ਬੁਲਾਰੇ ਨੇ ‘ਆਪ’ ਦੇ ਫਾਇਦੇ ਲਈ ਆਪਣੇ ਟਵੀਟ ਨਾਲ ਐਫਆਈਆਰ ਦੀ ਕਾਪੀ ਵੀ ਨੱਥੀ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਫੁਟੇਜ ਮਿਲੀ ਹੈ ਜਿਸ ਵਿੱਚ ਆਦਮੀਆਂ ਦੇ ਇੱਕ ਸਮੂਹ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ‘ਆਪ’ ਉਮੀਦਵਾਰ ਨੂੰ ਨਸ਼ੇ ਦੀ ਹਾਲਤ ਵਿੱਚ ਰਿਵਾਲਵਰ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ। ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ‘ਆਪ’ ਉਮੀਦਵਾਰ ਦੀ ਵਾਇਰਲ ਵੀਡੀਓ ਟਵਿੱਟਰ ‘ਤੇ ਪੋਸਟ ਕੀਤੀ ਸੀ, ਜਿਸ ‘ਚ ਉਹ ਸ਼ਰਾਬ ਦੇ ਨਸ਼ੇ ‘ਚ ਨੱਚਦੇ ਹੋਏ ਬੰਦੂਕ ਤਾਣਦੇ ਹੋਏ ਦੇਖਿਆ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All