ਨਵੀਂ ਦਿੱਲੀ, 14 ਅਗਸਤ
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਕੋਵਿਡ-19 ਦੇ 1,192 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਕਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਲੱਖ ਨੂੰ ਟੱਪ ਗਿਆ ਹੈ। ਇਸ ਦੇ ਨਾਲ ਹੀ ਵਾਇਰਸ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 4,178 ਹੋ ਗਈ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਸਿਹਤ ਬੁਲੇਟਿਨ ਮੁਤਾਬਿਕ 24 ਘੰਟਿਆਂ ਵਿੱਚ ਕੋਵਿਡ-19 ਨਾਲ 11 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਮਿਲਾ ਕੇ ਮ੍ਰਿਤਕਾਂ ਦੀ ਗਿਣਤੀ 4,178 ਤੱਕ ਪੁੱਜ ਗਈ ਹੈ। ਬੁਲੇਟਿਨ ਮੁਤਾਬਿਕ 5,721 ਨਮੂਨਿਆਂ ਦੀ ਜਾਂਚ ਆਰਟੀ-ਪੀਸੀਆਰ/ਸੀਬੀਨੈਟ/ਟਰੂਨੈਟ ਵਿਧੀ ਨਾਲ ਕੀਤੀ ਗਈ ਹੈ ਜਦਕਿ 9, 324 ਨਮੂਨਿਆਂ ਦੀ ਜਾਂਚ ਐਂਟੀਜਨ ਕਿੱਟ ਨਾਲ ਕੀਤੀ ਗਈ ਹੈ। ਦਿੱਲੀ ਸਰਕਾਰ ਨੇ ਦੱਸਿਆ ਕਿ ਕੌਮੀ ਰਾਜਧਾਨੀ ਵਿੱਚ ਕਰੋਨਾ ਦੀ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1,50,652 ਹੈ ਜਿਨ੍ਹਾਂ ਵਿੱਚੋਂ 11,366 ਜ਼ੇਰੇ ਇਲਾਜ ਹਨ। ਬੁਲੇਟਿਨ ਮੁਤਾਬਿਕ ਇਲਾਜ ਅਧੀਨ ਮਰੀਜ਼ਾਂ ਵਿੱਚੋਂ 5,882 ਦਾ ਉਨ੍ਹਾਂ ਦੇ ਘਰ ਵਿੱਚ ਇਲਾਜ ਚੱਲ ਰਿਹਾ ਹੈ। ਬੁਲੇਟਿਨ ਅਨੁਸਾਰ ਹੁਣ ਤੱਕ ਦਿੱਲੀ ਵਿੱਚ 1,35,108 ਮਰੀਜ਼ ਜਾਂ ਤਾਂ ਠੀਕ ਹੋ ਚੁੱਕ ਹਨ ਜਾਂ ਦੂਜੀਆਂ ਥਾਵਾਂ ’ਤੇ ਜਾ ਚੁੱਕੇ ਹਨ। ਸਰਕਾਰ ਮੁਤਾਬਿਕ ਰਾਜਧਾਨੀ ਦੀਆਂ 532 ਥਾਵਾਂ ਦੀ ਪਾਬੰਦੀ ਵਾਲੇ ਇਲਾਕਿਆਂ ਵਜੋਂ ਨਿਸ਼ਾਨਦੇਹੀ ਕੀਤੀ ਗਈ ਹੈ। -ਪੀਟੀਆਈ