ਕਰੋਨਾ: ਦਿੱਲੀ ਵਿੱਚ ਨਿੱਜੀ ਦਫ਼ਤਰਾਂ ਨੂੰ ਰਾਹਤ

ਹਫ਼ਤਾਵਾਰੀ ਕਰਫਿਊ ਜਾਰੀ; 50 ਫ਼ੀਸਦੀ ਸਮਰੱਥਾ ਨਾਲ ਦਫ਼ਤਰ ਖੋਲ੍ਹਣ ਦੀ ਇਜਾਜ਼ਤ

ਕਰੋਨਾ: ਦਿੱਲੀ ਵਿੱਚ ਨਿੱਜੀ ਦਫ਼ਤਰਾਂ ਨੂੰ ਰਾਹਤ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜਨਵਰੀ

ਰਾਜਧਾਨੀ ਦਿੱਲੀ ਵਿੱਚ ਹਫ਼ਤਾਵਾਰੀ ਕਰਫਿਊ ਜਾਰੀ ਰਹੇਗਾ, ਹਾਲਾਂਕਿ ਨਿੱਜੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰ ਸਕਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸ਼ਨਿਚਰਵਾਰ ਨੂੰ ਕਰਫਿਊ ਖਤਮ ਕਰਨ ਲਈ ਉਪ ਰਾਜਪਾਲ ਅਨਿਲ ਬੈਜਲ ਨੂੰ ਮਤਾ ਭੇਜਿਆ ਸੀ। ਉਪ ਰਾਜਪਾਲ ਬੈਜਲ ਨੇ ਇੱਕ ਮਤੇ ਨੂੰ ਮਨਜ਼ੂਰੀ ਦਿੱਤੀ ਹੈ ਪਰ ਉਪ ਰਾਜਪਾਲ ਨੇ ਹਫ਼ਤਾਵਾਰੀ ਕਰਫਿਊ ਖਤਮ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਲੈਫਟੀਨੈਂਟ ਦੇ ਦਫ਼ਤਰ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਨਿੱਜੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹ ਸਕਦੇ ਹਨ। ਬੈਜਲ ਨੇ ਕਿਹਾ ਕਿ ਜਿੱਥੋਂ ਤੱਕ ਹਫ਼ਤਾਵਾਰੀ ਕਰਫਿਊ ਦਾ ਸਵਾਲ ਹੈ, ਇਸ ਨੂੰ ਹਲੇ ਖ਼ਤਮ ਕਰਨ ਦੀ ਕੋਈ ਲੋੜ ਨਹੀਂ ਹੈ। ਉਪ ਰਾਜਪਾਲ ਨੇ ਕਿਹਾ ਕਿ ਸੂਬੇ ਵਿੱਚ ਕਰੋਨਾ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਣ ਤੋਂ ਬਾਅਦ ਹਫ਼ਤੇ ਦੇ ਅੰਤ ਵਿੱਚ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ’ਚ ਦਿੱਲੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਘਾਟ ਆਈ ਹੈ।

ਉਪ ਰਾਜਪਾਲ ਨੂੰ ਭੇਜੇ ਮਤੇ ’ਚ ਕੇਜਰੀਵਾਲ ਨੇ ਹਫ਼ਤਾਵਾਰੀ ਕਰਫਿਊ ਨੂੰ ਖਤਮ ਕਰਨ ਤੇ ਦੁਕਾਨਾਂ ਨੂੰ ਔਡ-ਈਵਨ ਖੋਲ੍ਹਣ ਦੀ ਮਨਜ਼ੂਰੀ ਮੰਗੀ ਸੀ। ਮਤੇ ’ਚ 50 ਫ਼ੀਸਦੀ ਸਮਰੱਥਾ ਵਾਲਾ ਨਿੱਜੀ ਦਫ਼ਤਰ ਖੋਲ੍ਹਣ ਦੀ ਇਜ਼ਾਜਤ ਵੀ ਮੰਗੀ ਗਈ ਸੀ, ਜਿਸ ਨੂੰ ਲੈਫਟੀਨੈਂਟ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੇ ਦੁਕਾਨਦਾਰ ਕਰੋਨਾ ਕਾਰਨ ਔਡ-ਈਵਨ ਦੁਕਾਨਾਂ ਖੋਲ੍ਹਣ ਦਾ ਵਿਰੋਧ ਕਰ ਰਹੇ ਸਨ ਪਰ ਉਪ ਰਾਜਪਾਲ ਨੇ ਦਿੱਲੀ ਵਿਚ ਕਰੋਨਾ ਦੀ ਸਥਿਤੀ ਵਿਚ ਸੁਧਾਰ ਹੋਣ ਤੱਕ ਇਸ ਨੂੰ ਖਤਮ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਰਾਜ ਸਰਕਾਰ ਨੇ ਕਿਹਾ ਸੀ ਕਿ ਜੇਕਰ ਦਿੱਲੀ ਵਿੱਚ ਕਰੋਨਾ ਦੇ ਮਾਮਲੇ ਘੱਟ ਹੁੰਦੇ ਹਨ ਤਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਵੇਗੀ, ਹਾਲਾਂਕਿ ਬੈਜਲ ਦੇ ਫ਼ੈਸਲੇ ਤੋਂ ਬਾਅਦ ਹੁਣ ਦੁਕਾਨਾਂ ਫਿਲਹਾਲ ਔਡ-ਈਵਨ ਪ੍ਰਣਾਲੀ ਨਾਲ ਖੁੱਲ੍ਹਣਗੀਆਂ।

ਕੋਵਿਡ-19 ਤੋਂ ਬੱਚੇ ਵੀ ਪ੍ਰਭਾਵਿਤ

ਕਰੋਨਾ ਦੀ ਤੀਜੀ ਲਹਿਰ ਵਿੱਚ ਦਿੱਲੀ ਵਿੱਚ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਦੇ ਹਸਪਤਾਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਦੀ ਰਫ਼ਤਾਰ ਵਿੱਚ ਵਾਧਾ ਹੋਇਆ ਹੈ, ਹਾਲਾਂਕਿ ਕੁਝ ਬੱਚਿਆਂ ਨੂੰ ਹੀ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਪਈ ਹੈ। ਪਿਛਲੇ ਤਿੰਨ ਹਫ਼ਤਿਆਂ ਵਿੱਚ 27 ਬੱਚੇ ਕੋਵਿਡ ਦੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਿੱਚੋਂ 13 ਅਜੇ ਵੀ ਹਸਪਤਾਲ ਵਿੱਚ ਹਨ, ਜਦਕਿ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਲੋਕ ਨਾਇਕ ਹਸਪਤਾਲ ਨੇ ਦਸੰਬਰ ਤੋਂ ਹੁਣ ਤੱਕ 31 ਤੋਂ ਵੱਧ ਸਫਲ ਜਣੇਪੇ ਕੀਤੇ ਹਨ। ਇਨ੍ਹਾਂ ਵਿੱਚ ਕੋਵਿਡ-19 ਪਾਜ਼ੇਟਿਵ ਔਰਤਾਂ ਵੀ ਸ਼ਾਮਲ ਹਨ। ਕਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਹਸਪਤਾਲ ਵਿੱਚ ਕ੍ਰਮਵਾਰ 306 ਤੇ 78 ਸਫਲ ਸਾਧਾਰਨ ਜਣੇਪੇ ਹੋਏ ਸਨ। ਡਾਕਟਰਾਂ ਨੇ ਕਿਹਾ ਕਿ ਕੁਝ ਨਵਜੰਮੇ ਬੱਚਿਆਂ ਵਿੱਚ ਕਰੋਨਾ ਦੀ ਲਾਗ ਪਾਈ ਗਈ ਹੈ, ਹਾਲਾਂਕਿ ਗੰਭੀਰ ਲੱਛਣ ਨਹੀਂ ਸਨ। ਦਿੱਲੀ-ਐੱਨਸੀਆਰ ਵਿੱਚ ਹਸਪਤਾਲ ਵਿੱਚ ਦਾਖਲ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਇੱਕ ਕੰਪਨੀ ਜੋ ਦਿੱਲੀ ਸਰਕਾਰ ਲਈ ਕੋਵਿਡ ਦੇ ਮਰੀਜ਼ਾਂ ਦੀ ਘਰੇਲੂ ਇਕਾਂਤਵਾਸ ਦੀ ਨਿਗਰਾਨੀ ਕਰਦੀ ਹੈ, ਨੇ ਕਿਹਾ ਕਿ ਦਿੱਲੀ ਵਿੱਚ ਘਰ ’ਚ ਇਕਾਂਤਵਾਸ ਵਾਲੇ ਸਾਰੇ ਮਰੀਜ਼ਾਂ ਵਿੱਚੋਂ, ਲਗਭਗ 5 ਫ਼ੀਸਦ 18 ਸਾਲ ਤੋਂ ਘੱਟ ਉਮਰ ਦੇ ਸਨ। ਇਸ ਉਮਰ ਸਮੂਹ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਸਾਰੇ ਪਾਜ਼ੇਟਿਵ ਮਾਮਲਿਆਂ ਦੇ 1 ਫ਼ੀਸਦ ਤੋਂ ਘੱਟ ਸੀ।

ਕਰੋਨਾ ਪਾਬੰਦੀਆਂ ਹਟਾਉਣ ਦੇ ਹੱਕ ’ਚ 63 ਫ਼ੀਸਦੀ ਲੋਕ

ਦਿੱਲੀ ਸਰਕਾਰ ਨੇ ਰੋਜ਼ਾਨਾ ਕੋਵਿਡ-19 ਮਾਮਲਿਆਂ ਵਿੱਚ ਆ ਰਹੀ ਗਿਰਾਵਟ ’ਤੇ ਰੋਜ਼ੀ-ਰੋਟੀ ਅਤੇ ਕਾਰੋਬਾਰੀ ਗਤੀਵਿਧੀਆਂ ਤੇ ਇਸ ਦੇ ਪ੍ਰਭਾਵ ਦੇ ਮੱਦੇਨਜ਼ਰ ਸਖ਼ਤ ਪਾਬੰਦੀਆਂ ਨੂੰ ਹਟਾਉਣ ਦਾ ਮਤਾ ਲਿਆਂਦਾ, ਹਾਲਾਂਕਿ ਕਰਵਾਏ ਗਏ ਇੱਕ ਸਰਵੇਖਣ ਦੇ ਅਨੁਸਾਰ ਲਗਭਗ 63 ਫ਼ੀਸਦ ਦਿੱਲੀ ਵਾਸੀ ਪਾਬੰਦੀਆਂ ਨੂੰ ਹਟਾਉਣ ਦੇ ਹੱਕ ਵਿੱਚ ਨਹੀਂ ਸਨ, ਜੇਕਰ ਟੈਸਟ ਲਾਗ ਦਰ (ਟੀਪੀਆਰ) 5 ਫ਼ੀਸਦ ਤੱਕ ਘੱਟ ਜਾਂਦੀ ਹੈ। ਇਸ ਸਰਵੇਖਣ ਵਿੱਚ ਦਿੱਲੀ ਭਰ ਵਿੱਚ 7598 ਪ੍ਰਤੀਕਿਰਿਆਵਾਂ ਇਕੱਤਰ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 66 ਫੀਸਦੀ ਪੁਰਸ਼ ਤੇ 34 ਫੀਸਦੀ ਔਰਤਾਂ ਸਨ। ਸਿਰਫ਼ 5 ਫੀਸਦੀ ਵਸਨੀਕ ਹੀ ਬਿਨਾਂ ਕਿਸੇ ਦੇਰੀ ਦੇ ਮੌਜੂਦਾ ਪਾਬੰਦੀਆਂ ਨੂੰ ਹਟਾਉਣ ਦੇ ਹੱਕ ਵਿੱਚ ਸਨ। ਉਧਰ ਵਪਾਰੀਆਂ ਵੱਲੋਂ ਐਲਜੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਤੇ ਸਦਰ ਬਾਜ਼ਾਰ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਗਈ ਕਿ ਵਪਾਰੀਆਂ ਨੂੰ ਰਾਹਤ ਦਿੰਦੇ ਹੋਏ ਜਿਸਤ-ਟਾਂਕ ਫਾਰਮੂਲੇ ਤੋਂ ਰਾਹਤ ਦਿੱਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All