ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਰੋਨਾ ਦੇ ਮਰੀਜ਼ਾਂ ਲਈ ਦਿੱਲੀ ਦੇ ਨਿੱਜੀ ਹਸਪਤਾਲਾਂ ਵਿੱਚ 20 ਫ਼ੀਸਦ ਬਿਸਤਰੇ ਰਾਖਵੇਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ ਉਦੇਸ਼ ਇਹ ਹੈ ਕਿ ਜੇ ਹੋਰ ਬਿਮਾਰੀ ਦੇ ਮਰੀਜ਼ਾਂ ਨੂੰ ਕਰੋਨਾ ਹੈ ਤਾਂ ਕੋਈ ਵੀ ਹਸਪਤਾਲ ਉਨ੍ਹਾਂ ਦੇ ਇਲਾਜ ਤੋਂ ਇਨਕਾਰ ਨਾ ਕਰੇ। ਸ੍ਰੀ ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਨੂੰ 20 ਫ਼ੀਸਦ ਬਿਸਤਰੇ ਰਾਖਵੇਂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਨੂੰ ਕਰੋਨਾ ਸਮਰਪਿਤ ਹਸਪਤਾਲ ਐਲਾਨਿਆ ਜਾਵੇਗਾ। ਇਸ ਲਈ ਹਸਪਤਾਲਾਂ ਨੂੰ ਕੱਲ੍ਹ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ’ਚ ਕਿਹਾ ਕਿ ਸਾਨੂੰ ਕਿਸੇ ਵੀ ਅੰਕੜਿਆਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਸਾਡਾ ਕਿਸੇ ਰਾਜ ਨਾਲ ਮੁਕਾਬਲਾ ਨਹੀਂ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਪੱਸ਼ਟ ਤੌਰ ’ਤੇ ਕਹਿੰਦੇ ਹਨ ਕਿ ਹਰ ਕਿਸੇ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ। ਕਰੋਨਾ ਦੇ ਕੇਸ ਵੱਧ ਰਹੇ ਹਨ, ਇਸ ਲਈ ਕਰੋਨਾ ਸਮਰਪਿਤ ਹਸਪਤਾਲਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਪੰਜ ਸਰਕਾਰੀ ਤੇ ਤਿੰਨ ਨਿੱਜੀ ਹਸਪਤਾਲ ਕਰੋਨਾ ਰਿਜ਼ਰਵ ਹਸਪਤਾਲ ਬਣਾਏ ਗਏ ਹਨ।
ਇਸ ਤੋਂ ਇਲਾਵਾ 61 ਵੱਡੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਦੇ ਮਰੀਜ਼ਾਂ ਲਈ 20 ਫ਼ੀਸਦ ਬਿਸਤਰੇ ਰਿਜ਼ਰਵ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਕਈ ਹਸਪਤਾਲਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਜੇ ਹਸਪਤਾਲਾਂ ਨੂੰ ਮਿਕਸ ਪ੍ਰਣਾਲੀ ਨਾਲ ਸਮੱਸਿਆਵਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਕਰੋਨਾ ਰਿਜ਼ਰਵ ਹਸਪਤਾਲ ਐਲਾਨਿਆ ਜਾਵੇਗਾ। ਸ੍ਰੀ ਸਿਸੋਦੀਆ ਅਨੁਸਾਰ ਮੂਲਚੰਦ, ਗੰਗਾਰਾਮ ਤੇ ਸਰੋਜ ਹਸਪਤਾਲਾਂ ਨੂੰ ਕਰੋਨਾ ਸਮਰਪਿਤ ਹਸਪਤਾਲ ਬਣਾਇਆ ਗਿਆ ਹੈ। ਸਿਹਤ ਮੰਤਰੀ ਸਤਿੰਦਰ ਜੈਨ ਨੇ ਇਸ ਮੌਕੇ ਸੰਬੋਧਨ ਕੀਤਾ।
ਲੈਬਾਰਟਰੀਆਂ ਨੂੰ ਨੋਟਿਸ ਜਾਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੋਵਿਡ-19 ਦੀਆਂ ਰਿਪਰੋਟਾਂ ਦੀ ਦੇਰੀ ਦੇ ਮਾਮਲੇ ’ਤੇ ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਮਾਮਲੇ ਵਧਣ ਦੌਰਾਨ ਦਿੱਲੀ ਸਰਕਾਰ ਨੇ ਕੋਵਿਡ-19 ਟੈਸਟਿੰਗ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀਆਂ ਹਦਾਇਤਾਂ ਦੀ ਕਥਿਤ ਉਲੰਘਣਾ ਕਰਨ ਦੀਆਂ ਖ਼ਬਰਾਂ ਦੌਰਾਨ ਨਿੱਜੀ ਤੇ ਸਰਕਾਰੀ ਲੈੱਬਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਜਿਹੀਆਂ 6 ਪ੍ਰਯੋਗਸ਼ਲਾਵਾਂ ਨੂੰ ਟੈਸਟ ਨਤੀਜਿਆਂ ਵਿੱਚ ਦੇਰੀ ਹੋਣ ਬਾਰੇ ਦੱਸਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਮੁਤਾਬਕ ਕਈ ਰਿਪੋਰਟ ਮੇਲ ਨਹੀਂ ਖਾਂਦੀਆਂ। ਆਈਸੀਐਮਆਰ ਵੱਲੋਂ ਤੈਅ ਹਦਾਇਤਾਂ ਮੁਤਾਬਕ ਕੋਵਿਡ-19 ਟੈਸਟਿੰਗ ਵਿੱਚ ਸ਼ਾਮਲ ਸਾਰੀਆਂ ਪ੍ਰਯੋਗਸ਼ਲਾਵਾਂ ਨੂੰ 48 ਘੰਟੇ ਵਿੱਚ ਰਿਪੋਰਟਾਂ ਭੇਜਣੀਆਂ ਚਾਹੀਦੀਆਂ ਹਨ ਪਰ ਲੈਬਾਂ ਸਮੇਂ ਸਿਰ ਨਤੀਜੇ ਸਾਂਝੇ ਨਹੀਂ ਕਰ ਰਹੀਆਂ।
61 ਨਿੱਜੀ ਹਸਪਤਾਲਾਂ ’ਚ ਕੋਵਿਡ-19 ਦੀਆਂ ਸਹੂਲਤਾਂ ਦੀ ਯੋਜਨਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਜਿਵੇਂ ਕਿ ਰਾਜਧਾਨੀ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਵਧ ਗਈ ਹੈ ਤੇ ਵਾਇਰਲ ਇਨਫੈਕਸ਼ਨ ਦੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣਾ ਮੁਸ਼ਕਲ ਹੋਣ ਦੀਆਂ ਖਬਰਾਂ ਦੇ ਵਿਚਕਾਰ ਦਿੱਲੀ ਸਰਕਾਰ 61 ਨਿੱਜੀ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਕੋਵਿਡ-19 ਸਹੂਲਤਾਂ ਵਜੋਂ ਨਾਮਜ਼ਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨਾਲ ਸਬੰਧਤ ਪੰਜ ਹਸਪਤਾਲਾਂ ਤੇ ਤਿੰਨ ਨਿੱਜੀ ਹਸਪਤਾਲਾਂ ਨੂੰ ਪਹਿਲਾਂ ਕੇਵਲ ਕੋਵਿਡ-19 ਸਹੂਲਤਾਂ ਵਜੋਂ ਸ਼ਾਮਲ ਕੀਤਾ ਗਿਆ ਸੀ। ਵੀਰਵਾਰ ਨੂੰ ਤਿੰਨ ਹੋਰ ਨਿੱਜੀ ਹਸਪਤਾਲਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ।