ਕਰੋਨਾ: ਐੱਲਜੀ ਨੂੰ ਹੋਟਲ ਖੋਲ੍ਹਣ ਦੀ ਅਪੀਲ ਕਰੇਗੀ ਦਿੱਲੀ ਸਰਕਾਰ

ਕਰੋਨਾ: ਐੱਲਜੀ ਨੂੰ ਹੋਟਲ ਖੋਲ੍ਹਣ ਦੀ ਅਪੀਲ ਕਰੇਗੀ ਦਿੱਲੀ ਸਰਕਾਰ

ਨਵੀਂ ਦਿੱਲੀ ਵਿੱਚ ਇੱਕ ਅੌਰਤ ਦਾ ਸੈਂਪਲ ਲੈਂਦੇ ਹੋਏ ਸਿਹਤ ਕਾਮੇ।-ਫੋਟੋ:ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਗਸਤ

ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੂੰ ਦਿੱਲੀ ਦੇ ਹੋਟਲ, ਹਫ਼ਤਾਵਾਰੀ ਬਾਜ਼ਾਰ, ਜਿਮ ਤੇ ਯੋਗ ਕੇਂਦਰ ਖੋਲ੍ਹਣ ਲਈ ਮੁੜ ਮਤਾ ਭੇਜਿਆ ਜਾਵੇਗਾ। ਬੀਤੇ ਦਿਨੀਂ ਦਿੱਲੀ ਸਰਕਾਰ ਦੇ ਇਨ੍ਹਾਂ ਸਥਾਨਾਂ ਨੂੰ ਅਨਲੌਕ-3 ਤਹਿਤ ਮੁੜ ਖੋਲ੍ਹਣ ਦਾ ਮਤਾ ਉਪਰਾਜਪਾਲ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੇਂਦਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਉਹ ਉਪਰਾਜਪਾਲ ਨੂੰ ਇਹ ਆਖਣ ਕਿ ਦਿੱਲੀ ਦੀ ਆਰਥਿਕਤਾ ਨੂੰ ਮੁੜ ਲੀਹਾਂ ਉਪਰ ਲਿਆਉਣ ਲਈ ਹੋਟਲ, ਹਫ਼ਤਾਵਾਰੀ ਬਾਜ਼ਾਰ ਤੇ ਜਿਮ ਆਦਿ ਖੋਲ੍ਹਣ ਦੇ ਮਤੇ ਨੂੰ ਪਾਸ ਕਰ ਦੇਣ। ਇਸੇ ਦੌਰਾਨ ਦਿੱਲੀ ਦੀ ਜਿਮ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਚਿਰਾਗ ਸੇਠ ਨੇ ਕਿਹਾ ਕਿ ਜਿਮ ਸੰਚਾਲਕ ਵਿੱਤੀ ਬੋਝ ਹੇਠ ਦੱਬੇ ਜਾ ਚੁੱਕੇ ਹਨ ਤੇ ਉਪਰਾਜਪਾਲ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਜਿਮ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਅਪੀਲ ਕੀਤੀ ਹੈ। 

ਦਿੱਲੀ ਵਿੱਚ ਕਰੋਨਾ ਕਾਰਨ 11 ਮੌਤਾਂ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਤੱਕ ਹੇਠਾਂ ਆ ਗਈ ਜੋ ਕਦੇ 100 ਤੋਂ ਪਾਰ ਤਕ ਰੋਜ਼ਾਨਾ ਪੁੱਜ ਗਈ ਸੀ। 1076 ਨਵੇਂ ਮਾਮਲੇ ਸਾਹਮਣੇ ਆਉਣ ਕਰਕੇ ਕੁੱਲ ਮਰੀਜ਼ 1 ਲੱਖ 40 ਹਜ਼ਾਰ 232 ਹੋ ਗਏ ਹਨ। ਠੀਕ ਹੋਣ ਵਾਲੇ ਮਰੀਜ਼ 890 ਰਹੇ ਜਦੋਂ ਕਿ ਸਰਗਰਮ ਮਰੀਜ਼ 10072 ਹਨ। ਹੁਣ ਤੱਕ 4044 ਮੌਤਾਂ ਹੋ ਚੁੱਕੀਆਂ ਹਨ ਤੇ 126116 ਵਿਅਕਤੀ ਠੀਕ ਹੋ ਚੁੱਕੇ ਹਨ। ਕੁੱਲ ਸੀਲਬੰਦ ਇਲਾਕੇ 481 ਰਹਿ ਗਏ ਹਨ।

ਯਮੁਨਾਨਗਰ ਵਿੱਚ 17 ਨਵੇਂ ਕੇਸ ਆਏ

ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 17 ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਇਨ੍ਹਾਂ ਵਿੱਚ ਪਿੰਡ ਸੁਖਦਾਸਪੁਰ ਦਾ 30 ਸਾਲਾ ਵਿਅਕਤੀ, ਜ਼ਿਲ੍ਹਾ ਜੇਲ੍ਹ ਜਗਾਧਰੀ ਦਾ 50 ਸਾਲਾ ਪੁਲੀਸ ਮੁਲਾਜ਼ਮ, ਪਿੰਡ ਮਹਿਲਾਂਵਾਲੀ ਦਾ 35 ਸਾਲ ਦਾ ਵਿਅਕਤੀ ਅਤੇ 60 ਸਾਲ ਦੀ ਔਰਤ, ਬੈਂਕ ਕਲੋਨੀ ਦਾ 34 ਸਾਲ ਦਾ ਵਿਅਕਤੀ, ਰਾਜਾ ਰਾਮ ਕਲੋਨੀ ਦੇ 25 ਸਾਲ ਅਤੇ 26 ਸਾਲ ਦੇ ਦੋ ਵਿਅਕਤੀ, ਈਸਟ ਭਾਟੀਆ ਨਗਰ ਤੋ 39 ਸਾਲਾ ਵਿਅਕਤੀ, ਦੁਰਗਾ ਗਾਰਡਨ ਜਗਾਧਰੀ ਤੋਂ 16 ਸਾਲ ਦਾ ਮੁੰਡਾ, ਮਾਡਲ ਟਾਊਨ ਦਾ ਵਾਸੀ 24 ਸਾਲ ਦਾ ਵਿਅਕਤੀ, ਸੈਕਟਰ 17 ਹੁੱਡਾ ਜਗਾਧਰੀ ਦੇ 50 ਸਾਲ ਅਤੇ 26 ਸਾਲ ਦੇ ਵਿਅਕਤੀ, ਮੁੰਡਾ ਮਾਜਰਾ ਦਾ 45 ਸਾਲ ਦਾ ਵਿਅਕਤੀ,ਹਰਬੰਸ ਕਲੋਨੀ ਦੀ 26 ਸਾਲਾ ਔਰਤ, ਨਿਊ ਹਮੀਦਾ ਕਲੋਨੀ ਦੀ 55 ਸਾਲ ਦੀ ਮਹਿਲਾ ਅਤੇ 17 ਸਾਲ ਦੀ ਲੜਕੀ ਪੁਰਾਣਾ ਹਮੀਦਾ ਕਲੋਨੀ ਦੀ ਵਾਸੀ ਸ਼ਾਮਲ ਹਨ ।

ਸ਼ਾਹਬਾਦ ਵਿਚ ਕਰੋਨਾ ਦੇ 8 ਨਵੇਂ ਮਰੀਜ਼

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਅੱਜ 8 ਕਰੋਨਾ ਦੇ ਨਵੇਂ ਮਰੀਜ਼ ਮਿਲੇ ਹਨ। ਇਨ੍ਹਾਂ ਦੇ ਟੈਸਟ ਦੂਜੇ  ਸ਼ਹਿਰਾਂ ਵਿੱਚ ਹੋਏ ਹਨ ਤੇ ਉਹ ਉਨ੍ਹਾਂ ਹੀ ਥਾਵਾਂ ’ਤੇ ਇਕਾਂਤਵਾਸ  ਵਿਚ ਹਨ। ਇਹ ਜਾਣਕਾਰੀ ਐੱਸਐੱਮਓ ਡਾ. ਰੁਪਿੰਦਰ ਸੈਣੀ ਨੇ ਦਿੰਦੇ ਦੱਸਿਆ ਕਿ ਪਿੰਡ ਰਤਨਗੜ੍ਹ ਵਿਚ ਦੋ ਮਾਮਲੇ  ਮਿਲੇ ਹਨ।  ਜੋ ਕਿ ਝਾਂਸਾ ਪੀਐੱਚਸੀ ਵਿਚ ਪੈਂਦੇ ਹਨ। ਇਸ ਤੋਂ ਇਲਾਵਾ ਪਿੰਡ ਮਛਰੌਲੀ ਵਿਚ ਇਕ, ਜਿਸ ਨੇ ਕੁਰੂਕਸ਼ੇਤਰ ਤੋਂ ਟੈਸਟ ਕਰਾਇਆ ਸੀ ਉਥੇ ਹੀ ਇਕਾਂਤਵਾਸ ਹੈ। ਸ਼ਾਹਬਾਦ ਦੇ ਕਮੇਟੀ ਬਾਜ਼ਾਰ  ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰ ਕਰੋਨਾ ਪਾਜ਼ੇਟਿਵ ਆਏ ਹਨ ਤੇ ਉਨ੍ਹਾਂ ਨੇ ਪਾਨੀਪਤ ਤੋਂ ਟੈਸਟ ਕਰਾਏ ਸਨ ।ਦੀਪਕ ਵਿਹਾਰ ਤੇ ਗਰੀਨ ਪਾਰਕ ਵਿਚ ਵੀ ਇਕ ਇਕ ਕੇਸ ਕਰੋਨਾ ਪਾਜ਼ੇਟਿਵ ਮਿਲਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All