ਸਰਕਾਰ ਵਿਰੁੱਧ ਰੋਹ

ਖੇਤੀ ਕਾਨੂੰਨਾਂ ਖ਼ਿਲਾਫ਼ਨਿੱਤਰੇ ਕਾਂਗਰਸ ਵਰਕਰ

ਖੇਤੀ ਕਾਨੂੰਨਾਂ ਖ਼ਿਲਾਫ਼ਨਿੱਤਰੇ ਕਾਂਗਰਸ ਵਰਕਰ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਧਰਨੇ ਦੌਰਾਨ ਕਾਂਗਰਸੀ ਆਗੂਆਂ ਨੂੰ ਚੁੱਕ ਕੇ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਮਾਨਸ ਰੰਜਨ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਸਤੰਬਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸੁਧਾਰ ਬਿੱਲਾਂ ਵਿਰੁੱਧ ਥਾਂ-ਥਾਂ ਤੋਂ ਉੱਠ ਰਹੀਆਂ ਆਵਾਜ਼ਾਂ ਦੇ ਮੱਦੇਨਜ਼ਰ ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਰਾਜਧਾਨੀ ਵਿੱਚ ਉਪਰਾਜਪਾਲ ਦੀ ਸਰਕਾਰੀ ਰਿਹਾਇਸ਼ ਰਾਜ ਨਿਵਾਸ ਵੱਲ ਮਾਰਚ ਕੱਢਿਆ ਗਿਆ ਤੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਗਿਆ। ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਰਾਜਘਾਟ ਨੇੜੇ ਇਕੱਠੇ ਹੋਏ ਤੇ ‘ਕਿਸਾਨ ਮਜ਼ਦੂਰ ਨਿਆਂ ਮਾਰਚ’ ਵਿੱਚ ਸ਼ਮੂਲੀਅਤ ਕੀਤੀ ਗਈ। ਦਿੱਲੀ ਪੁਲੀਸ ਨੇ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਰਾਜ ਨਿਵਾਸ ਵੱਲ ਨੂੰ ਜਾਂਦੇ ਰਾਹ ਵਿੱੱਚ ਬੈਰੀਕੇਡ ਲਾ ਕੇ ਰੋਕ ਲਿਆ ਤੇ ਜਬਰੀ ਅੱਗੇ ਵੱਧਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਸੂਬਾ ਪ੍ਰਧਾਨ ਸਮੇਤ ਕਰੀਬ ਦੋ ਦਰਜਨ ਕਾਰਕੁਨਾਂ ਨੂੰ ਹਰੀ ਨਗਰ ਦੇ ਸ਼ਿਆਮ ਖਾਟੂ ਸਟੇਡੀਅਮ ਵਿੱਚ ਲੈ ਜਾਇਆ ਗਿਆ। ਅਨਿਲ ਚੌਧਰੀ ਨਾਲ ਦਿੱਲੀ ਪੁਲੀਸ ਵੱਲੋਂ ਖਿੱਚ-ਧੂਹ ਵੀ ਕੀਤੀ ਗਈ। ਸ੍ਰੀ ਚੌਧਰੀ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਜਿਵੇਂ ਧੱਕੇਸ਼ਾਹੀ ਨਾਲ ਕਾਨੂੰਨ ਪਾਸ ਕੀਤਾ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ। ਉਨ੍ਹਾਂ ਖੇਤੀ ਬਿੱਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ। ਕਾਂਗਰਸ ਵੱਲੋਂ ਰਾਜ ਨਿਵਾਸ ਲਈ ਭੇਜੇ ਗਏ ਯਾਦ ਪੱਤਰ ਵਿੱਚ ਕਾਨੂੰਨ ਦੇ ਮਾੜੇ ਸਿੱਟਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਨੈਸ਼ਨਲ ਅਕਾਲੀ ਦਲ ਵੱਲੋਂ ਵਿਰੋਧ ਪ੍ਰਦਰਸ਼ਨ

ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਨੈਸ਼ਨਲ ਅਕਾਲੀ ਦਲ ਦੇ ਕਾਰਕੁਨ।-ਫੋਟੋ: ਦਿਓਲ

ਨਵੀਂ ਦਿੱਲੀ (ਪੱਤਰ ਪ੍ਰੇਰਕ) : ਨੈਸ਼ਨਲ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਅਜਿਹਾ ਬਿੱਲ ਪਾਸ ਕੀਤਾ ਗਿਆ ਜਿਸ ਨਾਲ ਕਾਰਪੋਰੇਟ ਦੇ ਹੱਥਾਂ ਵਿੱਚ ਕਿਸਾਨਾਂ ਦੀ ਜਾਨ ਫਸ ਜਾਵੇਗੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਕਿਸਾਨਾਂ ਨੂੰ ਘੁਣ ਵਾਂਗ ਖਾ ਜਾਵੇਗਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਨਗਰ ਨਿਗਮਾਂ ਵਿੱਚ ਭਾਜਪਾ ਦੀਆਂ ਟਿਕਟਾਂ ਉਪਰ ਕੌਂਸਲਰ ਬਣੇ ਅਕਾਲੀ ਆਗੂਆਂ ਜਾਂ ਉਨ੍ਹਾਂ ਦੀਆਂ ਘਰਵਾਲੀਆਂ ਵੱਲੋਂ ਵੀ ਕੌਂਸਲਰੀ ਤੋਂ ਅਸਤੀਫ਼ੇ ਦੇਣੇ ਚਾਹੀਦੇ ਹਨ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਇਸਤਰੀ ਵਿੰਗ ਦੀਆਂ ਬੀਬੀਆਂ ਵੀ ਸ਼ਾਮਲ ਹੋਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All