ਕਾਂਗਰਸ ਵਰਕਰਾਂ ਵੱਲੋਂ ਭਾਜਪਾ ਹੈੱਡਕੁਆਰਟਰ ਵੱਲ ਮਾਰਚ
ਮੌਜੂਦਾ ਸੀਟਾਂ ’ਤੇ ਹੀ ਮਹਿਲਾ ਰਾਖਵਾਂਕਰਨ ਦੇਣ ਦੀ ਮੰਗ; ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਮਹਿਲਾ ਰਾਖਵਾਂਕਰਨ ਮੌਜੂਦਾ ਲੋਕ ਸਭਾ ਦੀਆਂ 543 ਸੀਟਾਂ ’ਤੇ ਹੀ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਕਾਂਗਰਸ ਨੇ ਦੋਸ਼ ਲਾਇਆ ਕਿ ਸਰਕਾਰ ਸਿਆਸੀ ਲਾਹਾ ਲੈਣ ਲਈ ਜਾਣਬੁੱਝ ਕੇ ਇਸ ਪ੍ਰਕਿਰਿਆ ਵਿੱਚ ਦੇਰੀ ਕਰ ਰਹੀ ਹੈ। ਇਹ ਰੋਸ ਪ੍ਰਦਰਸ਼ਨ ਲੋਕ ਸਭਾ ਵਿੱਚ 131ਵੇਂ ਸੰਵਿਧਾਨਕ ਸੋਧ ਬਿੱਲ ਦੇ ਡਿੱਗਣ ਤੋਂ ਦੋ ਦਿਨ ਬਾਅਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਬਿੱਲ ਰਾਹੀਂ ਲੋਕ ਸਭਾ ਸੀਟਾਂ ਦੀ ਗਿਣਤੀ ਵਧਾ ਕੇ 816 ਕਰਨ ਅਤੇ 2029 ਵਿੱਚ ਰਾਖਵਾਂਕਰਨ ਲਾਗੂ ਕਰਨ ਦੀ ਤਜਵੀਜ਼ ਸੀ।
ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਦੋਂ 2023 ਵਿੱਚ ਇਹ ਬਿੱਲ ਪਾਸ ਹੋਇਆ ਸੀ, ਉਦੋਂ ਹੀ ਕਾਂਗਰਸ ਨੇ ਇਸ ਨੂੰ 2024 ਦੀਆਂ ਚੋਣਾਂ ਤੋਂ ਲਾਗੂ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ 30 ਮਹੀਨਿਆਂ ਤੱਕ ਚੁੱਪ ਧਾਰੀ ਰੱਖੀ ਅਤੇ ਅਚਾਨਕ 16 ਅਪਰੈਲ ਦੀ ਰਾਤ ਨੂੰ ਬਿੱਲ ਨੋਟੀਫਾਈ ਕਰ ਦਿੱਤਾ। ਰਮੇਸ਼ ਅਨੁਸਾਰ ਜਦੋਂ ਸਰਕਾਰ ਨੂੰ ਅਹਿਸਾਸ ਹੋਇਆ ਕਿ ਵਿਰੋਧੀ ਧਿਰ ਦੀ ਇਕਜੁੱਟਤਾ ਕਾਰਨ ਹਲਕਾਬੰਦੀ ਵਾਲਾ ਬਿੱਲ ਪਾਸ ਨਹੀਂ ਹੋਵੇਗਾ, ਤਾਂ ਉਨ੍ਹਾਂ ਨੇ ਕਾਂਗਰਸ ਨੂੰ ਮਹਿਲਾ ਵਿਰੋਧੀ ਦਿਖਾਉਣ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ। ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਰਾਊਜ਼ ਐਵੇਨਿਊ ਕੋਰਟ ਸਥਿਤ ਦਫ਼ਤਰ ਤੋਂ ਭਾਜਪਾ ਦੇ ਮੁੱਖ ਦਫ਼ਤਰ ਵੱਲ ਮਾਰਚ ਕੀਤਾ। ਇਸ ਮੌਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ। ਪ੍ਰਦਰਸ਼ਨ ਵਿੱਚ ਅਖਿਲ ਭਾਰਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ, ਦਿੱਲੀ ਮਹਿਲਾ ਕਾਂਗਰਸ ਦੀ ਮੁਖੀ ਪੁਸ਼ਪਾ ਸਿੰਘ ਅਤੇ ਰਾਸ਼ਟਰੀ ਬੁਲਾਰਾ ਰਾਗਿਨੀ ਨਾਇਕ ਸਮੇਤ ਕਈ ਦਿੱਗਜ ਆਗੂ ਮੌਜੂਦ ਸਨ।
ਦੇਵੇਂਦਰ ਯਾਦਵ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਭਾਜਪਾ ਸੱਚਮੁੱਚ ਔਰਤਾਂ ਦੀ ਭਲਾਈ ਚਾਹੁੰਦੀ ਹੈ, ਤਾਂ ਉਹ ਹਲਕਾਬੰਦੀ ਅਤੇ ਮਰਦਮਸ਼ੁਮਾਰੀ ਦੀਆਂ ਸ਼ਰਤਾਂ ਹਟਾ ਕੇ ਮੌਜੂਦਾ ਸੀਟਾਂ ’ਤੇ ਹੀ 33 ਫ਼ੀਸਦੀ ਰਾਖਵਾਂਕਰਨ ਕਿਉਂ ਨਹੀਂ ਦੇ ਰਹੀ।

