ਕਾਂਗਰਸ ਨੇ ਮਗਨਰੇਗਾ ’ਚ ਤਬਦੀਲੀ ਕਰਕੇ ਲਿਆਂਦੇ ਨਵੇਂ ਕਾਨੂੰਨ ਵਿਰੁੱਧ ਸ਼ੁੱਕਰਵਾਰ ਨੂੰ ਰੋਸ ਮਾਰਚ ਕੀਤਾ। ਕਾਂਗਰਸੀ ਕਾਰਰੁਨਾਂ ਨੇ ਮੋਦੀ ਸਰਕਾਰ ’ਤੇ ‘ਬੁਲਡੋਜ਼ਰ’ ਚਲਾ ਕੇ ਮਗਨਰੇਗਾ ਨੂੰ ਖਤਮ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਸੀਨੀਅਰ ਆਗੂਆਂ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਏ ਆਈ ਸੀ ਸੀ ਦਫ਼ਤਰ, 24, ਅਕਬਰ ਰੋਡ, ਨਵੀਂ ਦਿੱਲੀ ਤੋਂ ਤੀਸ ਜਨਵਰੀ ਮਾਰਗ ’ਤੇ ਗਾਂਧੀ ਸਮ੍ਰਿਤੀ ਤੱਕ ਪ੍ਰਦੇਸ਼ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਮਗਨਰੇਗਾ ਬਚਾਓ ਰੋਸ ਮਾਰਚ ਕੀਤਾ। ਇਸ ਮੌਕੇ ਜੈ ਰਾਮ ਰਮੇਸ਼, ਅਜੈ ਮਾਕਨ, ਕਾਂਗਰਸੀ ਦੇ ਦਿੱਲੀ ਤੋਂ ਮੁਖੀ ਕਾਜੀ ਮੁਹੰਮਦ ਨਿਜਾਮੂਦੀਨ, ਸੂਬਾ ਪ੍ਰਧਾਨ ਦੇਵੇਂਦਰ ਯਾਦਵ ਸਣੇ ਕਈ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਨੇ ਬੁਲਡੋਜ਼ਰ ਚਲਾ ਕੇ ਮਗਨਰੇਗਾ ਦਾ ਖਾਤਮਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਕਾਨੂੰਨ ਮਜ਼ਦੂਰਾਂ ਦਾ ਸੰਵਿਧਾਨਕ ਹੱੱਕ ਸੀ, ਲੋਕਾਂ ਕੋਲ ਰੁਜ਼ਗਾਰ ਦੀ ਗਾਰੰਟੀ ਸੀ ਅਤੇ ਇਸ ਕਾਨੂੰਨ ਨਾਲ ਪੰਚਾਇਤਾ ਨੂੰ ਮਜ਼ਬੂਤੀ ਮਿਲੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਨੂੰਨ ਇਸ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨਹੀਂ ਚਾਹੁੰਦੇ ਸਨ ਕਿ ਗਾਂਧੀ ਨਾਲ ਜੁੜਿਆ ਕੋਈ ਵੀ ਕਾਨੂੰਨ ਜ਼ਿਆਦਾ ਸਮੇਂ ਤੱਕ ਚੱਲੇ ਅਤੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲੇ। ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਦਮ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਕਾਂਗਰਸੀ ਆਗੂ ਏ ਆਈ ਸੀ ਸੀ ਦਫ਼ਤਰ, 24 ਅਕਬਰ ਰੋਡ, ਨਵੀਂ ਦਿੱਲੀ ਵਿੱਚ ਇਕੱਠੇ ਹੋਏ ਅਤੇ ਆਪਣੀਆਂ ਤਕਰੀਰਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਗ਼ਰੀਬ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਮਿਟਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਪਰ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਨਾਅਰੇ ਲਿਖੇ ਹੋਏ ਸਨ। ਜਿਉਂ ਹੀ ਕਾਂਗਰਸ ਦੇ ਕਾਰਕੁਨ ਅਤੇ ਆਗੂ ਕੁਲ ਹਿੰਦ ਕਾਂਗਰਸ ਦੇ ਦਫ਼ਤਰ ਤੋਂ ਬਾਹਰ ਨਿਕਲ ਕੇ ਤੀਸ ਜਨਵਰੀ ਮਾਰਗ ਵੱਲ ਗਏ ਤਾਂ ਦਿੱਲੀ ਪੁਲੀਸ ਨੇ ਰਾਹ ਵਿੱਚ ਹੀ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਵੱਲੋਂ ਪ੍ਰਦਰਸ਼ਨ ਕਰਦੇ ਆਗੂਆਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਬੱਸਾਂ ਵਿੱਚ ਭਰ ਕੇ ਨਜ਼ਦੀਕੀ ਥਾਣੇ ਵਿੱਚ ਲੈ ਗਈ।
ਕੇਂਦਰ ਨੇ ਯੋਜਨਾਬੱਧ ਤਰੀਕੇ ਨਾਲ ਮਜ਼ਦੂਰਾਂ ਦਾ ਹੱਕ ਖੋਹਿਆ: ਹੈਬਤਪੁਰ
ਜੀਂਦ (ਮਹਾਂਵੀਰ ਮਿੱਤਲ): ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਭਾਜਪਾ ਸਰਕਾਰ ’ਤੇ ਮਗਨਰੇਗਾ ਜਿਹੀ ਗਰੀਬ-ਮਜ਼ਦੂਰਾਂ ਦੀ ਜੀਵਨ ਰੇਖਾ ਨੂੰ ਕਮਜ਼ੋਰ ਕਰਨ ਦਾ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰਾਂ ਯੋਜਨਾਬੱਧ ਤਰੀਕੇ ਨਾਲ ਮਜ਼ਦੂਰਾਂ ਤੋਂ ਉਨ੍ਹਾਂ ਦਾ ਹੱਕ ਖੋਹ ਰਹੀ ਹੈ। ਮਨਰੇਗਾ ਬਚਾਓ ਸੰਗਰਾਮ ਅਭਿਆਨ ਦੇ ਤਹਿਤ ਉਨ੍ਹਾਂ ਨੇ ਸਫ਼ੀਦੋਂ ਵਿਧਾਨਸਭਾ ਦੇ ਇਲਾਕੇ ਲੁਦਾਨਾ, ਜੁਲਾਨਾ ਵਿਧਾਨਸਭਾ ਹਲਕੇ ਦੇ ਇਲਾਕੇ ਬੁਆਨਾ ਅਤੇ ਉਚਾਨਾ ਵਿਧਾਨਸਭਾ ਹਲਕੇ ਦੇ ਸ਼ਾਹਪੁਰ ਪਿੰਡ ਵਿੱਚ ਮਜ਼ਦੂਰਾਂ ਦੀ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਕੇਵਲ ਇੱਕ ਯੋਜਨਾ ਹੀ ਨਹੀਂ ਹੈ, ਬਲਕਿ ਕਰੋੜਾਂ ਗ੍ਰਾਮੀਨ ਪਰਿਵਾਰਾਂ ਲਈ ਰੋਜ਼ੀ-ਰੋਟੀ ਅਤੇ ਸਨਮਾਨ ਦਾ ਆਧਾਰ ਹੈ ਪਰ ਭਾਜਪਾ ਸਰਕਾਰ ਨੇ ਇਸ ਵਿੱਚ ਅਜਿਹੀ ਤਬਦੀਲੀ ਕਰ ਦਿੱਤੀ ਹੈ ਕਿ ਮਜ਼ਦੂਰਾਂ ਨੂੰ ਕੰਮ ਮਿਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 100 ਦਿਨਾਂ ਦੇ ਰੁਜ਼ਗਾਰ ਦਾ ਅਧਿਕਾਰ ਸੀ ਪਰ ਅੱਜ ਮਜ਼ਦੂਰ ਕੰਮ ਲਈ ਭਟਕ ਰਿਹਾ ਹੈ, ਭੁਗਤਾਨ ਵੀ ਮਹੀਨਿਆਂ ਤੱਕ ਲਟਕਿਆ ਰਹਿੰਦਾ ਹੈ ਅਤੇ ਆਨਲਾਈਨ ਪ੍ਰੀਕਿਰਿਆਂ ਦੇ ਨਾਮ ’ਤੇ ਗਰੀਬਾਂ ਨੂੰ ਸਿਸਟਮ ਤੋਂ ਬਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਮਗਨਰੇਗਾ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਬੰਦ ਨਹੀਂ ਕੀਤੀ ਤਾਂ ਕਾਂਗਰਸ ਸੜਕਾਂ ’ਤੇ ਉਤਰਕ ੇ ਵੱਡਾ ਅੰਦੋਲਨ ਕਰੇਗੀ। ਇਹ ਲੜਾਈ ਕੇਵਲ ਮਜ਼ਦੂਰਾਂ ਦੀ ਨਹੀਂ, ਬਲਕਿ ਪਿੰਡ, ਗਰੀਬ ਅਤੇ ਰੁਜ਼ਗਾਰ ਦੇ ਅਧਿਕਾਰਾਂ ਦੀ ਲੜਾਈ ਹੈ। ਮਗਨਰੇਗਾ ਬਚਾਓ ਸੰਗਰਾਮ ਇਸੇ ਜਨਅੰਦੋਲਨ ਦੀ ਸ਼ੁਰੂਆਤ ਹੈ ਅਤੇ ਇਸਨੂੰ ਪਿੰਡ-ਪਿੰਡ, ਘਰ-ਘਰ ਤੱਕ ਲੈ ਜਾਇਆ ਜਾਵੇਗਾ। ਇਸ ਵੇਲੇ ਉਨ੍ਹਾਂ ਨਾਲ ਕਾਂਗਰਸ ਦੇ ਜ਼ਿਲ੍ਹਾ ਉੱਪ-ਪ੍ਰਧਾਨ ਰਾਜਾ ਸਰਪੰਚ ਕੰਡੇਲਾ, ਸੰਸਦ ਸੌਨੀਪਤ ਲੋਕਸਭਾ ਦੇ ਪ੍ਰਤੀਨਿੱਧੀ ਵਜ਼ੀਰ ਗਾਂਗੋਲੀ, ਪਵਨ ਦੁਹਨ, ਇਸ਼ਾਕਭੱਟੀ, ਸੁਰੇਸ਼ ਸ਼ਰਮਾ, ਜੇ.ਪੀ.ਸਿੰਘ, ਰੂਹੀਲ, ਕਮਲੇਸ਼, ਭਤੇਰੀ, ਰਾਕੇਸ਼ ਤੇ ਧਰਮਪਾਲ ਆਦਿ ਹਾਜ਼ਰ ਸਨ।

