ਕਾਂਗਰਸ ਨੇ ਰੂਸ ’ਚ ਲਾਪਤਾ 14 ਭਾਰਤੀਆਂ ਦੀ ਵਾਪਸੀ ਦੀ ਮੰਗ ਕੀਤੀ
ਨਵੀਂ ਦਿੱਲੀ, 27 ਜੂਨ
ਕਾਂਗਰਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਰੂਸ ਵਿੱਚ ਕੰਮ ਦੀ ਭਾਲ ਵਿੱਚ ਗਏ 14 ਭਾਰਤੀ ਲਾਪਤਾ ਹਨ। ਕਾਂਗਰਸ ਨੇ ਕੇਂਦਰ ਸਰਕਾਰ ਨੂੰ ਇਹ ਮਾਮਲਾ ਮਾਸਕੋ ਕੋਲ ਉਠਾਉਣ ਅਤੇ ਉਨ੍ਹਾਂ ਦੀ ਵਾਪਸੀ ਲਈ ਗੰਭੀਰ ਯਤਨ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਦਸੰਬਰ 2023 ਵਿੱਚ, 126 ਲੋਕ ਕੰਮ ਦੀ ਤਲਾਸ਼ ਵਿੱਚ ਵਿਦੇਸ਼ ਗਏ ਸਨ। ਉਹ ਸਿੰਗਾਪੁਰ, ਮਲੇਸ਼ੀਆ ਅਤੇ ਇਟਲੀ ਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਮਾਸਕੋ ਲਿਜਾਇਆ ਗਿਆ। ਉਨ੍ਹਾਂ ਕਿਹਾ, ‘‘ ਮੇਰੇ ਦੋਸਤ ਜਗਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ, ਜੋ 4 ਹੋਰਾਂ ਨਾਲ ਰੂਸ ਗਿਆ ਸੀ, ਨੇ ਏਜੰਟਾਂ ਨੂੰ 31,40,000 ਰੁਪਏ ਦਿੱਤੇ ਸਨ ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ। ਇਨ੍ਹਾਂ ਲੋਕਾਂ ਨੂੰ ਰੂਸੀ ਸਰਕਾਰ ਵੱਲੋਂ ਉੱਥੇ ਫੌਜ ਵਿੱਚ ਭਰਤੀ ਕਰ ਲਿਆ ਗਿਆ।’’
ਉਨ੍ਹਾਂ ਦੱਸਿਆ ਕਿ ਇਨ੍ਹਾਂ 126 ਲੋਕਾਂ ਵਿੱਚੋਂ ਕਰੀਬ 100 ਲੋਕ ਵਾਪਸ ਆ ਚੁੱਕੇ ਹਨ। ਵੜਿੰਗ ਨੇ ਕਿਹਾ, "ਅੱਜ ਸਾਡੇ ਕੋਲ 14 ਲੋਕ ਲਾਪਤਾ ਹਨ, ਮੇਰੇ ਕੋਲ ਉਨ੍ਹਾਂ ਦੇ ਨਾਮ, ਨੰਬਰ ਅਤੇ ਸਭ ਕੁਝ ਹੈ।," ਵੜਿੰਗ ਨੇ 14 ਲਾਪਤਾ ਲੋਕਾਂ ਦੀ ਸੂਚੀ ਵੀ ਦਿਖਾਈ।
ਉਨ੍ਹਾਂ ਕਿਹਾ, "ਇਨ੍ਹਾਂ ਲਾਪਤਾ ਲੋਕਾਂ ਵਿੱਚੋਂ 9 ਉੱਤਰ ਪ੍ਰਦੇਸ਼, ਤਿੰਨ ਪੰਜਾਬ, ਇੱਕ-ਇੱਕ ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਤੋਂ ਹਨ।
ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਸਵਾਲ ਕੀਤੇ, "ਅਸੀਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਉਨ੍ਹਾਂ ਦੀ ਮਦਦ ਕਰੋਗੇ? ਕੀ ਤੁਸੀਂ ਰੂਸ ਨੂੰ ਪੁੱਛੋਗੇ ਕਿ ਉਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਆਪਣੀ ਫੌਜ ਵਿੱਚ ਕਿਉਂ ਭਰਤੀ ਕੀਤਾ? ਕੀ ਤੁਸੀਂ ਉਨ੍ਹਾਂ ਏਜੰਟਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ ਜੋ ਰੂਸੀ ਸਰਕਾਰ ਨਾਲ ਮਿਲੀਭੁਗਤ ਕਰਕੇ ਇੱਥੋਂ ਦੇ ਮੁੰਡਿਆਂ ਨੂੰ ਉੱਥੇ ਲੈ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਮਰਵਾ ਦਿੰਦੇ ਹਨ? ਇਸ ਲਈ, ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਚਾਹੁੰਦੇ ਹਾਂ।"-ਪੀਟੀਆਈ