ਪੱਤਰ ਪ੍ਰੇਰਕ
ਨਵੀਂ ਦਿੱਲੀ: 24 ਜਨਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਸੋਮਨਾਥ ਭਾਰਤੀ ਨੇ ਅੱਜ ਕਾਂਗਰਸ ਆਗੂ ਹਾਜੀ ਆਮਿਲ ਮਲਿਕ ਤੇ ਭਾਜਪਾ ਆਗੂ ਸੁਰੇਸ਼ ਭਾਰਦਵਾਜ ਤੇ ਪਤਨੀ ਸਰੋਜ ਭਾਰਦਵਾਜ ਨੂੰ ਟੋਪੀ ਤੇ ਪਟਕਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਜ਼ਾਦਪੁਰ ਮੰਡੀ ਦੇ ਚੇਅਰਮੈਨ ਆਦਿਲ ਖਾਨ ਵੀ ਮੌਜੂਦ ਸਨ। ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਸੋਮਨਾਥ ਭਾਰਤੀ ਨੇ ਕਿਹਾ, ‘‘ਸਾਡਾ ਸਫ਼ਰ 2012 ਤੋਂ ਸ਼ੁਰੂ ਹੋਇਆ ਸੀ ਤੇ ਅੱਜ ਉਸ ਬੁਲੰਦੀ ’ਤੇ ਹਾਂ ਜਿੱਥੇ ਭਾਜਪਾ ਦੇ ਲੋਕ ਕਹਿੰਦੇ ਸਨ ਕਿ ਮੋਦੀ ਨਹੀਂ ਤਾਂ ਕੌਣ ਹੈ ਤੇ ਉਦੋਂ ਲੋਕਾਂ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਕੋਈ ਰਾਹੁਲ ਗਾਂਧੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਸੀ। ਪਰ ਅੱਜ ਲੋਕਾਂ ਕੋਲ ਜਵਾਬ ਹੈ। ਲੋਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਮੋਦੀ ਨਹੀਂ ਤਾਂ ਕੇਜਰੀਵਾਲ! ਇਹ ਯਾਤਰਾ ਕੋਈ ਆਮ ਨਹੀਂ ਹੈ।’’ ਭਾਰਤੀ ਨੇ ਕਿਹਾ ਕਿ ‘ਆਪ’ ਵਿੱਚ ਸ਼ਾਮਲ ਇਨ੍ਹਾਂ ਲੋਕਾਂ ਨੇ ਆਪੋ-ਆਪਣੀਆਂ ਪਾਰਟੀਆਂ ਵਿਚ ਰਹਿ ਕੇ ਬਹੁਤ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉਹ ਨਤੀਜਾ ਨਹੀਂ ਮਿਲਿਆ ਜਿਸ ਦੀ ਉਨ੍ਹਾਂ ਨੇ ਕਲਪਨਾ ਕੀਤੀ ਸੀ। ਅਮਿਲ ਮਲਿਕ ਕਰਾਵਲਨਗਰ ਵਿਧਾਨ ਸਭਾ ਦੇ ਕਾਂਗਰਸ ਬਲਾਕ ਪ੍ਰਧਾਨ ਰਹਿ ਚੁੱਕੇ ਹਨ। ਉਹ ਬਾਬਰਪੁਰ ਜ਼ਿਲ੍ਹੇ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਸੁਰੇਸ਼ ਭਾਰਦਵਾਜ ਭਾਜਪਾ ਦੇ ਸ਼ਾਹਦਰਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸਨ।