ਰੱਖੜੀ ਮੌਕੇ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ ਵਾਈ ਐੱਸ) ਦੇ ਕਾਰਕੁਨਾਂ ਨੇ ਦਿੱਲੀ ਦੀ ਜਾਮਾ ਮਸਜਿਦ ਅੰਦਰ ਅਤੇ ਆਲੇ-ਦੁਆਲੇ ਜਨਤਾ ਨੂੰ ਰੱਖੜੀਆਂ ਬੰਨ੍ਹ ਕੇ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਿਆਂ ਜੰਤਰ ਮੰਤਰ ’ਤੇ ਜਨ-ਜੀਵਨ ਦੇ ਸਾਂਝੇ ਸੰਘਰਸ਼ ਦੀ ਭਾਵਨਾ ਨੂੰ ਦੇਸ਼ ਦੇ ਲੋਕਾਂ ਤੱਕ ਪਹੁੰਚਾਇਆ। ਵਿਦਿਆਰਥੀਆਂ ਨੇ ਦੱਸਿਆ ਕਿ ਕੇ ਵਾਈ ਐੱਸ ਜਾਮਾ ਮਸਜਿਦ ਐਲਾਨਨਾਮੇ ਵਿੱਚ ਦਰਸਾਏ ਫ਼ਿਰਕੂ ਏਕਤਾ ਦੇ ਸੰਦੇਸ਼ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲੈ ਕੇ ਜਾਵੇਗਾ।
ਇਹ ਮੁਹਿੰਮ ਬ੍ਰਿਟਿਸ਼ ਸ਼ਾਸਨ ਵਿਰੁੱਧ ਅੰਦੋਲਨ ਵਿੱਚ ਫ਼ਿਰਕੂ ਏਕਤਾ ਦੀ ਭਾਵਨਾ ਨੂੰ ਯਾਦ ਕਰਨ ਲਈ ਵੀ ਕੀਤੀ ਗਈ। ਕੇ ਵਾਈ ਐੱਸ ਦੇ ਆਗੂ ਭੀਮ ਕੁਮਾਰ ਨੇ ਦੱਸਿਆ ਕਿ ਦੇਸ਼ ਵਿੱਚ ਵਧ ਰਹੇ ਫ਼ਿਰਕੂ ਹਮਲਿਆਂ ਨੇ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਪਿਛਲੇ ਕੁਝ ਸਾਲਾਂ ਵਿੱਚ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਫ਼ਿਰਕੂ ਤਾਕਤਾਂ ਨੂੰ ਮੌਜੂਦਾ ਸਰਕਾਰ ਤੋਂ ਖੁੱਲ੍ਹਾ ਸਮਰਥਨ ਮਿਲ ਰਿਹਾ ਹੈ। ਇਸ ਹਿੰਸਾ ਨੂੰ ਖ਼ਤਮ ਕਰਨ ਦੀ ਬਜਾਇ ਸੱਤਾਧਾਰੀ ਧਿਰ ਸੰਗਠਨ ਫ਼ਿਰਕੂਵਾਦ ਫੈਲਾਅ ਕੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਹਨ।
ਅਜਿਹੇ ਸਮੇਂ ਜਦੋਂ ਦੇਸ਼ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਲੋਕ ਅਸਮਾਨ ਛੂਹ ਰਹੀ ਮਹਿੰਗਾਈ, ਵਧਦੀ ਅਸਮਾਨਤਾ ਅਤੇ ਬੇਰੁਜ਼ਗਾਰੀ, ਔਰਤਾਂ ਅਤੇ ਘੱਟ ਗਿਣਤੀਆਂ ਵਿਰੁੱਧ ਵਧ ਰਹੇ ਅਪਰਾਧਾਂ, ਮਾੜੀ ਸਿਹਤ ਸੰਭਾਲ, ਜਾਤੀਵਾਦ ਅਤੇ ਮਿਹਨਤਕਸ਼ ਲੋਕਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ, ਇਹ ਫਿਰਕੂ ਮਾਹੌਲ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਬਣਾਇਆ ਜਾ ਰਿਹਾ ਹੈ।
ਬੱਚਿਆਂ ਨੇ ਮੁੱਖ ਮੰਤਰੀ ਦੇ ਰੱਖੜੀ ਬੰਨ੍ਹੀ
ਨਵੀਂ ਦਿੱਲੀ (ਪੀਟੀਆਈ): ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੁੱਖ ਮੰਤਰੀ ਜਨ ਸੇਵਾ ਸਦਨ ਵਿੱਚ ਸੜਕਾਂ ’ਤੇ ਰਹਿਣ ਵਾਲੇ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਬੱਚਿਆਂ ਨਾਲ ਉਨ੍ਹਾਂ ਦੇ ਸੁਫਨਿਆਂ ਬਾਰੇ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਬੱਚਿਆਂ ਨੇ ਮੁੱਖ ਮੰਤਰੀ ਦੇ ਰੱਖੜੀ ਬੰਨ੍ਹੀ। ਇਹ ਸਮਾਗਮ ਸਾਦਗੀ ਭਰਪੂਰ ਰਿਹਾ। ਮੁੱਖ ਮੰਤਰੀ ਨੇ ਬੱਚਿਆਂ ਨਾਲ ਸਿੱਖਿਆ, ਰੁਚੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਬੱਚਿਆਂ ਦੀ ਭਲਾਈ ਲਈ ਦਿੱਲੀ ਸਰਕਾਰ ਵੱਲੋਂ ਹਰ ਸੰਭਵ ਯੋਗਦਾਨ ਦਾ ਭਰੋਸਾ ਦਿਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਹਰ ਬੱਚੇ ਨੂੰ ਸੁਫਨੇ ਦੇਖਣ ਦਾ ਅਧਿਕਾਰ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਇਹ ਸੁਫਨੇ ਪੂਰੇ ਕਰਨ ਵਿੱਚ ਉਸ ਦੀ ਮਦਦ ਕੀਤੀ ਜਾਵੇ।
ਦਿੱਲੀ-ਐੱਨ ਸੀ ਆਰ ਵਿੱਚ ਰੌਣਕਾਂ
ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫ਼ਰੀਦਾਬਾਦ ਦੇ ਬਾਜ਼ਾਰ ਗਾਹਕਾਂ ਨਾਲ ਭਰੇ ਹੋਏ ਸਨ। ਮਠਿਆਈਆਂ, ਤੋਹਫ਼ੇ ਅਤੇ ਰੱਖੜੀਆਂ ਵੇਚਣ ਵਾਲੀਆਂ ਦੁਕਾਨਾਂ ’ਤੇ ਸਵੇਰ ਤੋਂ ਹੀ ਵੱਡੀ ਗਿਣਤੀ ਲੋਕ ਪੁੱਜ ਰਹੇ ਸਨ। ਮੈਟਰੋ ਅਤੇ ਬੱਸ ਸੇਵਾਵਾਂ ਵਿੱਚ ਵੀ ਮਹਿਲਾ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਯਾਤਰੀਆਂ ਦੀ ਸਹੂਲਤ ਲਈ ਦਿੱਲੀ ਮੈਟਰੋ ਅਤੇ ਰਾਜ ਆਵਾਜਾਈ ਨਿਗਮਾਂ ਨੇ ਵਾਧੂ ਬੱਸਾਂ ਚਲਾਈਆਂ। ਇਸ ਨਾਲ ਲੋਕਾਂ ਲਈ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣਾ ਆਸਾਨ ਹੋ ਗਿਆ। ਔਰਤ ਸਵਾਰੀਆਂ ਨੂੰ ਰਿਆਇਤਾਂ ਵੀ ਦਿੱਤੀਆਂ ਗਈਆਂ। ਭਰਾਵਾਂ ਅਤੇ ਭੈਣਾਂ ਨੇ ਤਿਉਹਾਰ ’ਤੇ ਡਿਜੀਟਲ ਤਕਨਾਲੋਜੀ ਦਾ ਸਹਾਰਾ ਲਿਆ। ਭੈਣਾਂ ਨੇ ਵੀਡੀਓ ਕਾਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਦੂਰ-ਦੁਰਾਡੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ। ਡਿਜੀਟਲ ਸੰਚਾਰ ਸਾਧਨਾਂ ਨੇ ਇਸ ਤਿਉਹਾਰ ਦੀ ਭਾਵਨਾ ਬਰਕਰਾਰ ਰੱਖਣ ਵਿੱਚ ਭੂਮਿਕਾ ਨਿਭਾਈ।

