Commonwealth Champions: ਜੋ ਖੇਲੇਗਾ ਵੋਹ ਖਿਲੇਗਾ, ਆਲਵੇਅਜ਼ ਚੀਅਰਜ਼ ਫਾਰ ਇੰਡੀਆ: PM Modi
Modi Meets Commonwealth Champions: ਪੀ ਐੱਮ ਮੋਦੀ ਵੱਲੋਂ ਕਾਮਨਵੇਲਥ ਗੇਮਜ਼ ਦੇ ਤਗ਼ਮਾ ਜੇਤੂਆਂ ਨਾਲ ਮੁਲਾਕਾਤ; ਭਾਰਤੀ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਮੁਲਾਕਾਤ ਦੀ ਰੀਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ
Modi Commonwealth Champions: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਮਨਵੈਲਥ ਗੇਮਜ਼ ਵਿੱਚ ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਸ੍ਰੀ ਮੋਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖਿਡਾਰੀਆਂ ਨਾਲ ਇੱਕ ਰੀਲ ਵੀ ਸਾਂਝੀ ਕੀਤੀ ਹੈ। 32 ਸਕਿੰਟ ਦੀ ਇਸ ਰੀਲ ਵਿੱਚ ਉਹ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਸਾਕਸ਼ੀ ਚੌਧਰੀ ਅਤੇ ਹੋਰ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ, ‘ਜੋ ਖੇਲੇਗਾ, ਵੋਹ ਖਿਲੇਗਾ’, ਆਲਵੇਜ਼ ਚੀਅਰ ਫਾਰ ਇੰਡੀਆ... ਭਾਰਤ ਮਾਤਾ ਕੀ ਜੈ’।
ਜ਼ਿਕਰਯੋਗ ਹੈ ਕਿ ਭਾਰਤ ਨੇ ਕਾਮਨਵੈਲਥ ਗੇਮਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਸੋਨੇ ਦੇ, 17 ਚਾਂਦੀ ਦੇ ਅਤੇ 9 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 39 ਮੈਡਲ ਆਪਣੇ ਨਾਂ ਕੀਤੇ ਹਨ ਅਤੇ ਦੇਸ਼ ਮੈਡਲ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ ਹੈ।
ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ ਵੱਖ-ਵੱਖ ਖੇਡਾਂ ਦਾ ਯੋਗਦਾਨ
ਭਾਰਤ ਦੇ ਕੁੱਲ 39 ਤਗ਼ਮਿਆਂ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਯੋਗਦਾਨ ਬਾਕਸਿੰਗ (ਮੁੱਕੇਬਾਜ਼ੀ) ਦਾ ਰਿਹਾ ਹੈ। ਦੇਸ਼ ਦੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ 7 ਸੋਨੇ ਦੇ ਅਤੇ 3 ਚਾਂਦੀ ਦੇ ਤਗ਼ਮਿਆਂ ਸਮੇਤ ਕੁੱਲ 10 ਮੈਡਲ ਜਿੱਤੇ, ਜਿਸ ਦਾ ਮਤਲਬ ਹੈ ਕਿ ਭਾਰਤ ਦਾ ਹਰ ਚੌਥਾ ਮੈਡਲ ਮੁੱਕੇਬਾਜ਼ੀ ਖੇਤਰ ਵਿੱਚੋਂ ਆਇਆ। ਇਸ ਤੋਂ ਇਲਾਵਾ ਅਥਲੈਟਿਕਸ ਵਿੱਚ ਵੀ ਖਿਡਾਰੀਆਂ ਨੇ ਕੁੱਲ 10 ਮੈਡਲ ਹਾਸਲ ਕੀਤੇ, ਹਾਲਾਂਕਿ ਇਸ ਵਿੱਚ ਕੋਈ ਵੀ ਸੋਨ ਤਗ਼ਮਾ ਸ਼ਾਮਲ ਨਹੀਂ ਹੋ ਸਕਿਆ।
View this post on Instagram
ਖੇਡਾਂ ਦੇ ਇਸ ਸਫਰ ਵਿੱਚ ਵੇਟਲਿਫਟਿੰਗ ਨੇ 8, ਪੈਰਾ ਅਥਲੈਟਿਕਸ ਨੇ 6, ਜੂਡੋ ਨੇ 4 ਅਤੇ ਪੈਰਾ ਪਾਵਰਲਿਫਟਿੰਗ ਨੇ ਇਕ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਇਸ ਤਰ੍ਹਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਭਾਰਤ ਵੱਲੋਂ ਜਿੱਤੇ ਗਏ 39 ਵਿੱਚੋਂ 37 ਤਗ਼ਮੇ ਸਿਰਫ਼ ਪੰਜ ਪ੍ਰਮੁੱਖ ਖੇਡਾਂ ਵਿੱਚੋਂ ਹੀ ਆਏ ਹਨ, ਜੋ ਕਿ ਭਾਰਤੀ ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਵੱਲੋਂ ਖਿਡਾਰੀਆਂ ਦੇ ਇਸ ਮਾਅਰਕੇ ਦੀ ਸ਼ਲਾਘਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਹੋਰ ਉੱਚਾ ਕੀਤਾ ਜਾ ਸਕੇ।

