ਕਰਨਲ Sofiya Qureshi ਵਿਰੁੱਧ ਟਿੱਪਣੀ: ਬਹੁਤ ਹੋ ਗਿਆ, MP ਸਰਕਾਰ ਆਪਣੇ ਮੰਤਰੀ ਵਿਰੁੱਧ ਕੇਸ ਚਲਾਉਣ 'ਤੇ 4 ਹਫ਼ਤਿਆਂ 'ਚ ਫੈਸਲਾ ਲਵੇ : SC
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਚਾਰ ਹਫ਼ਤਿਆਂ ਦੇ ਅੰਦਰ ਆਪਣੇ ਮੰਤਰੀ ਕੁੰਵਰ ਵਿਜੇ ਸ਼ਾਹ ਵਿਰੁੱਧ ਕੇਸ ਚਲਾਉਣ ਬਾਰੇ ਫੈਸਲਾ ਲਵੇ। ਅਦਾਲਤ ਨੇ ਇਹ ਹੁਕਮ 'ਅਪਰੇਸ਼ਨ ਸਿੰਧੂਰ' ਤੋਂ ਬਾਅਦ ਕਰਨਲ ਸੋਫੀਆ ਕੁਰੈਸ਼ੀ...
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਚਾਰ ਹਫ਼ਤਿਆਂ ਦੇ ਅੰਦਰ ਆਪਣੇ ਮੰਤਰੀ ਕੁੰਵਰ ਵਿਜੇ ਸ਼ਾਹ ਵਿਰੁੱਧ ਕੇਸ ਚਲਾਉਣ ਬਾਰੇ ਫੈਸਲਾ ਲਵੇ। ਅਦਾਲਤ ਨੇ ਇਹ ਹੁਕਮ 'ਅਪਰੇਸ਼ਨ ਸਿੰਧੂਰ' ਤੋਂ ਬਾਅਦ ਕਰਨਲ ਸੋਫੀਆ ਕੁਰੈਸ਼ੀ ਖ਼ਿਲਾਫ਼ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਵਿੱਚ ਹੋ ਰਹੀ ਦੇਰੀ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦਿੱਤੇ ਹਨ।
ਮਈ 2025 ਵਿੱਚ ਹੋਏ 'ਅਪਰੇਸ਼ਨ ਸਿੰਧੂਰ' ਬਾਰੇ ਭਾਰਤ ਸਰਕਾਰ ਵੱਲੋਂ ਦਿੱਤੀਆਂ ਗਈਆਂ ਪ੍ਰੈੱਸ ਬ੍ਰੀਫਿੰਗਾਂ ਵਿੱਚ ਕਰਨਲ ਕੁਰੈਸ਼ੀ ਅਤੇ ਆਈ ਏ ਐੱਫ ਵਿੰਗ ਕਮਾਂਡਰ ਵਿਓਮਿਕਾ ਸਿੰਘ ਮੁੱਖ ਚਿਹਰੇ ਵਜੋਂ ਸਾਹਮਣੇ ਆਈਆਂ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਇਹ ਦੋਵੇਂ ਮਹਿਲਾ ਅਧਿਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਲ ਮੌਜੂਦ ਰਹੀਆਂ ਸਨ।
ਭਾਰਤ ਦੇ ਮੁੱਖ ਜੱਜ (ਸੀ ਜੇ ਆਈ) ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਮੱਧ ਪ੍ਰਦੇਸ਼ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ, "ਬਹੁਤ ਹੋ ਗਿਆ। ਤੁਸੀਂ ਚਾਰ ਹਫ਼ਤਿਆਂ ਵਿੱਚ ਸਾਡੇ ਪਿਛਲੇ ਹੁਕਮਾਂ ਦੇ ਪੈਰਾ ਪੰਜ ਅਤੇ ਛੇ ਵਿੱਚ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।" ਅਦਾਲਤ ਨੇ ਇਸ ਮਾਮਲੇ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ ਹੈ।
ਜਦੋਂ ਮਹਿਤਾ ਨੇ ਕਿਹਾ ਕਿ "ਉਸ (ਸ਼ਾਹ) ਨੇ ਜੋ ਕਿਹਾ ਉਹ ਯਕੀਨੀ ਤੌਰ 'ਤੇ ਮੰਦਭਾਗਾ ਸੀ," ਤਾਂ ਸੀ ਜੇ ਆਈ ਨੇ ਤੁਰੰਤ ਜਵਾਬ ਦਿੱਤਾ, "ਮੰਦਭਾਗਾ ਨਹੀਂ, ਸਗੋਂ ਬਹੁਤ ਜ਼ਿਆਦਾ ਮੰਦਭਾਗਾ ਹੈ ਅਤੇ ਫਿਰ ਉਸ ਵਿੱਚ ਪਛਤਾਵੇ ਦੀ ਕੋਈ ਭਾਵਨਾ ਵੀ ਨਹੀਂ ਹੈ।"
ਇਹ ਸਪਸ਼ਟ ਕਰਦੇ ਹੋਏ ਕਿ ਉਹ ਸ਼ਾਹ ਦਾ ਬਚਾਅ ਨਹੀਂ ਕਰ ਰਹੇ ਸਨ, ਮਹਿਤਾ ਨੇ ਕਿਹਾ ਕਿ ਸ਼ਾਇਦ ਮੰਤਰੀ ਦਾ ਇਰਾਦਾ ਕਰਨਲ ਕੁਰੈਸ਼ੀ ਦੀ ਤਾਰੀਫ਼ ਕਰਨਾ ਸੀ ਪਰ ਉਹ ਇਸ ਨੂੰ ਸਹੀ ਢੰਗ ਨਾਲ ਬਿਆਨ ਨਹੀਂ ਕਰ ਸਕੇ ਅਤੇ ਕੁਝ ਹੋਰ ਹੀ ਕਹਿ ਦਿੱਤਾ।
ਹਾਲਾਂਕਿ, ਸੀ ਜੇ ਆਈ ਨੇ ਕਿਹਾ, "ਇਹ ਸਿਆਸੀ ਲੋਕ ਹਨ, ਅਸੀਂ ਜਾਣਦੇ ਹਾਂ ਕਿ ਜੇਕਰ ਉਹ ਕਿਸੇ ਦੀ ਤਾਰੀਫ਼ ਕਰਨਾ ਚਾਹੁੰਦੇ ਹਨ, ਤਾਂ ਉਹ ਆਪਣੇ ਸ਼ਬਦਾਂ ਵਿੱਚ ਕਿੰਨੇ ਸਪਸ਼ਟ ਹੁੰਦੇ ਹਨ... ਜੇਕਰ ਇਹ ਸਿਰਫ਼ ਜ਼ੁਬਾਨ ਫਿਸਲਣ ਦਾ ਮਾਮਲਾ ਸੀ, ਤਾਂ ਉਹ ਜਲਦੀ ਮੁਆਫ਼ੀ ਮੰਗ ਸਕਦੇ ਸਨ।"
ਸ਼ਾਹ ਦੀ ਤਰਫੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਮੰਤਰੀ ਨੇ ਤੁਰੰਤ ਮੁਆਫ਼ੀ ਮੰਗ ਲਈ ਸੀ।
ਮਹਿਤਾ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (SIT) ਨੇ ਇਸ ਮਾਮਲੇ ਵਿੱਚ ਰਿਪੋਰਟ ਦਾਇਰ ਕਰ ਦਿੱਤੀ ਹੈ। ਹਾਲਾਂਕਿ, ਅਗਲੀ ਕਾਰਵਾਈ ਰੁਕੀ ਹੋਈ ਹੈ ਕਿਉਂਕਿ ਐੱਸ ਆਈ ਟੀ (SIT) ਸੂਬਾ ਸਰਕਾਰ ਤੋਂ ਜ਼ਰੂਰੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਸ਼ਾਹ ਨੇ ਕਰਨਲ ਕੁਰੈਸ਼ੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਕੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਸੀ। ਉਨ੍ਹਾਂ ਨੇ ਮਈ 2025 ਵਿੱਚ ਇੰਦੌਰ ਨੇੜੇ ਰਾਮਕੁੰਡਾ ਪਿੰਡ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ "ਅੱਤਵਾਦੀਆਂ ਦੀ ਭੈਣ" ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ।
ਟਿੱਪਣੀਆਂ ਲਈ ਘੇਰੇ ਜਾਣ ਤੋਂ ਬਾਅਦ, ਸ਼ਾਹ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਉਹ 10 ਵਾਰ ਮੁਆਫੀ ਮੰਗਣ ਲਈ ਤਿਆਰ ਹਨ ਅਤੇ ਉਹ ਕਰਨਲ ਕੁਰੈਸ਼ੀ ਦਾ ਆਪਣੀ ਭੈਣ ਨਾਲੋਂ ਵੱਧ ਸਤਿਕਾਰ ਕਰਦੇ ਹਨ।
ਸੁਪਰੀਮ ਕੋਰਟ ਨੇ ਇਸ ਸਾਲ 19 ਜਨਵਰੀ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਭਾਰਤੀ ਫੌਜ ਦੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਸ਼ਾਹ ਵਿਰੁੱਧ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਬਾਰੇ ਦੋ ਹਫ਼ਤਿਆਂ ਵਿੱਚ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ।

