ਕੜਾਕੇ ਦੀ ਠੰਢ ਨੇ ਕੌਮੀ ਰਾਜਧਾਨੀ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅੱਜ ਸ਼ਹਿਰ ਵਿੱਚ ਇਸ ਸਰਦੀਆਂ ਦੇ ਮੌਸਮ ਦੀ ਸਭ ਤੋਂ ਠੰਢੀ ਸਵੇਰ ਦਰਜ ਕੀਤੀ ਗਈ। ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਅਨੁਸਾਰ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਮੌਸਮੀ ਔਸਤ ਨਾਲੋਂ 2.3 ਡਿਗਰੀ ਘੱਟ ਹੈ। ਠੰਢ ਦੇ ਨਾਲ-ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹੋਈ ਹਲਕੀ ਬੂੰਦਾਬਾਂਦੀ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸਫਦਰਜੰਗ ਸਟੇਸ਼ਨ ’ਤੇ ਘੱਟੋ-ਘੱਟ ਤਾਪਮਾਨ 4.6 ਡਿਗਰੀ, ਪਾਲਮ ਵਿੱਚ 5.0 ਡਿਗਰੀ, ਲੋਧੀ ਰੋਡ ’ਤੇ 5.2 ਡਿਗਰੀ, ਰਿਜ ਵਿੱਚ 5.4 ਡਿਗਰੀ ਅਤੇ ਅਯਾਨਗਰ ਵਿੱਚ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਯਾਨਗਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 0.8 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਸਫਦਰਜੰਗ ਅਤੇ ਲੋਧੀ ਰੋਡ ’ਤੇ ਵੀ ਮਾਮੂਲੀ ਬੂੰਦਾਬਾਂਦੀ ਹੋਈ। ਖੇਤਰੀ ਮੌਸਮ ਕੇਂਦਰ ਨੇ ਦੱਸਿਆ ਕਿ ਅਕਸ਼ਰਧਾਮ, ਨਹਿਰੂ ਸਟੇਡੀਅਮ, ਆਰ ਕੇ ਪੁਰਮ, ਡਿਫੈਂਸ ਕਲੋਨੀ, ਲਾਜਪਤ ਨਗਰ, ਤੁਗਲਕਾਬਾਦ ਅਤੇ ਇਗਨੂ ਸਮੇਤ ਕਈ ਇਲਾਕਿਆਂ ਵਿੱਚ ਬੱਦਲਵਾਈ ਅਤੇ ਬੂੰਦਾਬਾਂਦੀ ਰਹੀ।
ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਦਿੱਲੀ-ਐੱਨ ਸੀ ਆਰ ਸਮੇਤ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਵਿੱਚ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ 5.8 ਡਿਗਰੀ ਤਾਪਮਾਨ ਨਾਲ ਸੀਜ਼ਨ ਦੀ ਤੀਜੀ ਸਭ ਤੋਂ ਠੰਢੀ ਸਵੇਰ ਦਰਜ ਕੀਤੀ ਗਈ ਸੀ। ਦਸੰਬਰ ਦੇ ਸ਼ੁਰੂ ਵਿੱਚ ਤਾਪਮਾਨ 5.6 ਅਤੇ 5.7 ਡਿਗਰੀ ਦੇ ਵਿਚਕਾਰ ਰਿਹਾ ਸੀ।
ਠੰਢ ਦੇ ਨਾਲ-ਨਾਲ ਦਿੱਲੀ ਦੀ ਹਵਾ ਵੀ ਲਗਾਤਾਰ ਜ਼ਹਿਰੀਲੀ ਬਣੀ ਹੋਈ ਹੈ। ਏਅਰ ਕੁਆਲਿਟੀ ਇੰਡੈਕਸ (ਏ ਕਿਆਊ ਆਈ) 325 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
ਸ਼ਹਿਰ ਦੇ 26 ਨਿਗਰਾਨੀ ਕੇਂਦਰਾਂ ਨੇ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜਾ ਦੱਸਿਆ ਹੈ। ਪ੍ਰਦੂਸ਼ਣ ਅਤੇ ਠੰਢ ਦੇ ਦੋਹਰੇ ਹਮਲੇ ਕਾਰਨ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

