ਦਿੱਲੀ ’ਚ ਠੰਢ ਨੇ 17 ਸਾਲ ਦੇ ਰਿਕਾਰਡ ਤੋੜੇ

ਦਿੱਲੀ ’ਚ ਠੰਢ ਨੇ 17 ਸਾਲ ਦੇ ਰਿਕਾਰਡ ਤੋੜੇ

ਨਵੀਂ ਦਿੱਲੀ ਵਿੱਚ ਐਤਵਾਰ ਨੂੰ ਯਮਨਾ ਨਦੀ ’ਤੇ ਉਡਾਰੀਆਂ ਲਾਉਂਦੇ ਹੋਏ ਪਰਵਾਸੀ ਪੰਛੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਨਵੰਬਰ

ਠੰਢ ਦੀ ਲਹਿਰ ਦੇ ਚੱਲਦਿਆਂ ਐਤਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿਚ ਘੱਟੋ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਨਵੰਬਰ 2003 ਦੇ ਘੱਟੋ ਘੱਟ ਤਾਪਮਾਨ ਤੋਂ ਘੱਟ ਹੈ। ਭਾਰਤ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਪਿਛਲੇ 14 ਸਾਲਾਂ ਵਿੱਚ ਮਹੀਨੇ ਦਾ ਸਭ ਤੋਂ ਹੇਠਲਾ ਹੈ। ਆਈਐੱਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਸਫਦਰਜੰਗ ਆਬਜ਼ਰਵੇਟਰੀ ਵਿਚ ਘੱਟੋ ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮਹੀਨੇ ਨਵੰਬਰ 2003 ਵਿਚ ਦਿੱਲੀ ਵਿਚ ਇਹ ਸਭ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਨਵੰਬਰ 2003 ਵਿਚ ਘੱਟੋ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਲਮ ਮੌਸਮ ਵਿਗਿਆਨ ਕੇਂਦਰ ਵਿੱਚ ਘੱਟੋ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਸਭ ਤੋਂ ਘੱਟ ਤਾਪਮਾਨ 28 ਨਵੰਬਰ 1938 ਨੂੰ ਦਰਜ ਕੀਤਾ ਗਿਆ ਸੀ, ਉਸ ਸਮੇਂ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸ੍ਰੀਵਾਸਤਵ ਨੇ ਕਿਹਾ ਕਿ ਪੱਛਮੀ ਹਿਮਾਲਿਆਈ ਖੇਤਰਾਂ ਤੋਂ ਆ ਰਹੀਆਂ ਸਰਦ ਹਵਾਵਾਂ ਕਾਰਨ ਠੰਢ ਵਧੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਅਕਤੂਬਰ ਵਿੱਚ ਤਾਪਮਾਨ 58 ਸਾਲਾਂ ਵਿੱਚ ਸਭ ਤੋਂ ਘੱਟ ਰਿਹਾ। ਇਸ ਸਾਲ ਅਕਤੂਬਰ ਵਿਚ ਘੱਟੋ ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਰਿਹਾ। ਇਹ 1962 ਤੋਂ ਬਾਅਦ ਦਾ ਸਭ ਤੋਂ ਘੱਟ ਤਾਪਮਾਨ ਹੈ। 1962 ਵਿਚ ਤਾਪਮਾਨ 16.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ 23 ਐਂਟੀ ਸਮੌਗ ਗੰਨਾਂ ਸਥਾਪਤ

ਨਵੀਂ ਦਿੱਲੀ (ਪੱਤਰ ਪ੍ਰੇਰਕ ): ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ ਪੀਡਬਲਿਊਡੀ ਨੇ 23 ਐਂਟੀ ਸਮੌਗ ਗਨ ਸਥਾਪਿਤ ਕੀਤੀਆਂ ਹਨ ਜੋ ਮੁੱਖ ਲਾਂਘਿਆਂ ਤੇ ਨਿਰਮਾਣ ਵਾਲੀਆਂ ਥਾਵਾਂ ‘ਤੇ ਸਥਾਪਤ ਕੀਤੀਆਂ ਗਈਆਂ ਹਨ। ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੜਕ ਦੇ ਕਿਨਾਰਿਆਂ, ਖਾਸ ਕਰਕੇ ਧੂੜ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਰੱਖਤਾਂ ਤੇ ਸੜਕ ਕਿਨਾਰੇ ’ਤੇ ਪੂਰੀ ਜਗ੍ਹਾ ਉੱਤੇ ਪਾਣੀ ਦਾ ਛਿੜਕਾਅ ਕਰਨ। ਪਾਣੀ ਦੇ ਟੈਂਕਰਾਂ ਨੇ ਪਾਣੀ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਮੁਹਿੰਮ ਦੀ ਸਹਾਇਤਾ ਨਾਲ ਘੱਟੋ ਘੱਟ ਉਹ ਧੂੜ ਜੋ ਸੜਕ ’ਤੇ ਹੈ ਤੇ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾਵੇਗਾ ਤੇ ਦਿੱਲੀ ਦੇ ਲੋਕਾਂ ਨੂੰ ਸਾਫ ਹਵਾ ਮਿਲੇਗੀ। ਸ੍ਰੀ ਰਾਏ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਨੁਸਾਰ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ 23 ਐਂਟੀ ਸਮੋਗ ਗਨ ਸਥਾਪਿਤ ਕੀਤੀਆਂ ਗਈਆਂ ਹਨ ਤੇ ਪਾਣੀ ਦੇ ਛਿੜਕਾਅ ਲਈ 150 ਟੈਂਕਰ ਲਗਾਏ ਗਏ ਹਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਟੈਂਕਰਾਂ ਦੀ ਗਿਣਤੀ ਵਿਚ ਹੋਰ ਵਾਧਾ ਕੀਤਾ ਜਾਵੇ ਤਾਂ ਜੋ ਦਿੱਲੀ ਦੀਆਂ ਮੁੱਖ ਸੜਕਾਂ ਨੂੰ ਕਵਰ ਕੀਤਾ ਜਾ ਸਕੇ। ਸ੍ਰੀ ਗੋਪਾਲ ਰਾਏ ਨੇ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਵਧੇਰੇ ਚੌਕਾਂ ’ਤੇ ਐਂਟੀ-ਸਮੋਗ ਗਨ ਸਥਾਪਿਤ ਕੀਤੀਆਂ ਜਾਣਗੀਆਂ।

ਗੌਤਮ ਗੰਭੀਰ ਵੱਲੋਂ ਹਵਾ ਸ਼ੁੱਧਤਾ ਯੰਤਰ ਦਾ ਉਦਘਾਟਨ

ਨਵੀਂ ਦਿੱਲੀ (ਪੱਤਰ ਪ੍ਰੇਰਕ): ਪੂਰਬੀ ਦਿੱਲੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਐਤਵਾਰ ਨੂੰ ਕ੍ਰਿਸ਼ਨਾ ਨਗਰ ਮਾਰਕੀਟ ਖੇਤਰ ਵਿੱਚ ਆਪਣੇ ਹਲਕੇ ਦੇ ਤੀਸਰੇ ਵਿਸ਼ਾਲ ਹਵਾ ਸ਼ੁੱਧਤਾ ਯੰਤਰ ਦਾ ਉਦਘਾਟਨ ਕੀਤਾ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਦੀ ਪਹਿਲਕਦਮੀ ਤੋਂ ਪਹਿਲਾਂ ਅਜਿਹੇ ਹਵਾ ਸ਼ੁੱਧਤਾ ਯੰਤਰ ਲਾਜਪਤ ਨਗਰ ਤੇ ਗਾਂਧੀ ਨਗਰ ਬਾਜ਼ਾਰਾਂ ਵਿਚ ਲਗਾਏ ਗਏ ਸਨ। ਗੌਤਮ ਗੰਭੀਰ ਨੇ ਕਿਹਾ ਕਿ ਲੋਕਾਂ ਨੂੰ ਸਵੱਛ ਹਵਾ ਵਿੱਚ ਸਾਹ ਲੈਣ ਦੀ ਆਗਿਆ ਦੇਣਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਪਰ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਹਿਯੋਗੀ ਇਸ ਬਾਰੇ ਚਿੰਤਤ ਨਹੀਂ ਹਨ। ਹਵਾ ਸ਼ੁੱਧ ਕਰਨ ਵਾਲੇ ਯੰਤਰ ਦੀ ਉਚਾਈ ਲਗਪਗ 12 ਫੁੱਟ ਹੈ ਤੇ 1000 ਵਰਗ ਮੀਟਰ ਦੇ ਖੇਤਰ ਨੂੰ ਕਵਰ ਕਰਦੀ ਹੈ। ਗੰਭੀਰ ਦੇ ਦਫ਼ਤਰ ਤੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨਾਂ ਰੋਜ਼ਾਨਾ ਦੋ ਲੱਖ ਕਿਊਬਿਕ ਮੀਟਰ ਸਾਫ ਸੁਥਰੀ ਹਵਾ ਦਿੰਦੀਆਂ ਹਨ ਤੇ ਇਨ੍ਹਾਂ ਮਸ਼ੀਨਾਂ ਦਾ ਕਾਰਜ ਪਹਿਲਾਂ ਤੋਂ ਨਿਰਧਾਰਤ ਕੀਤਾ ਜਾ ਸਕਦਾ ਹੈ। ਇਸ ਸਾਲ ਜਨਵਰੀ ਵਿੱਚ ਗੰਭੀਰ ਨੇ ਇੱਕ ਪਾਇਲਟ ਪ੍ਰਾਜੈਕਟ ਦੇ ਰੂਪ ਵਿੱਚ ਲਾਜਪਤ ਨਗਰ ਦੀ ਕੇਂਦਰੀ ਮਾਰਕੀਟ ਦੇ ਵਿਚਕਾਰ ਪਹਿਲੇ ਵਿਸ਼ਾਲ ਹਵਾ ਸ਼ੁੱਧ ਯੰਤਰ ਦਾ ਉਦਘਾਟਨ ਕੀਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All