ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕਰੋਨਾਵਾਇਰਸ ਤੋਂ ਬਚਾਅ ਲਈ ਏਆਈ ਸ਼ੀਲਡਜ਼ ਨਾਂ ਦੇ ਪ੍ਰੋਡਕਟ ਦੀ ਕੋਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਏਸੀਐੱਮਈ ਇੰਡੀਆ ਵੱਲੋਂ ਇਹ ਸੇਵਾ ਮੁਫ਼ਤ ਕੀਤੀ ਜਾ ਰਹੀ ਹੈ। ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਏਸੀਐੱਮਈ ਦੇ ਪ੍ਰਤੀਨਿਧ ਅੱਜ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ ਪਹੁੰਚੇ ਹਨ ਜਨਿ੍ਹਾਂ ਦੀ ਨਿਗਰਾਨੀ ਹੇਠ ਕੋਟਿੰਗ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਕੋਟਿੰਗ ਸਦਕਾ ਛੇ ਮਹੀਨੇ ਤੱਕ ਇਥੇ ਕਰੋਨਾ ਵਾਇਰਸ ਫੈਲਣ ਦਾ ਖਤਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕੰਪਨੀ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਹਰਿਕ੍ਰਿਸ਼ਨ ਅਸਪਤਾਲ ਬੰਗਲਾ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਭਵਨ ਜਿਥੇ ਸਾਰਾ ਸਟਾਫ ਬੈਠ ਕੇ ਕੰਮ ਕਰਦਾ ਹੈ ਵਿਖੇ ਵੀ ਇਹ ਕੋਟਿੰਗ ਜ਼ਰੂਰ ਕੀਤੀ ਜਾਵੇ। ਸ੍ਰੀ ਕਾਲਕਾ ਨੇ ਕਿਹਾ ਕਿ ਜਿਹੜਾ ਪ੍ਰੋਡਕਟ ਕੰਪਨੀ ਨੇ ਸ਼ੁਰੂ ਕੀਤਾ ਹੈ, ਕਰੋਨਾ ਸੰਕਟ ਦੇ ਮੱਦੇਨਜ਼ਰ ਇਹ ਪ੍ਰੋਡਕਟ ਸਮੇਂ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਐਂਟੀ-ਵਾਇਰਸ ਕੋਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਪਨੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕਮੇਟੀ ਦੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਇਹ ਕੋਟਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਜੇਕਰ ਲੋੜ ਪਈ ਤਾਂ ਭੁਗਤਾਨ ਦੇ ਆਧਾਰ ‘ਤੇ ਵੀ ਇਹ ਕੋਟਿੰਗ ਕਰਵਾਈ ਜਾਵੇਗੀ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਮਨੀਸ਼ ਕੁਮਾਰ ਨੇ ਦੱਸਿਆ ਕਿ ਐਕਮੇ ਇੰਡੀਆ ਪਿਛਲੇ 12-13 ਸਾਲਾਂ ਤੋਂ ਸੈਨੇਟਾਈਜੇਸ਼ਨ ਤੇ ਮਾਮਲਿਆਂ ਵਿੱਚ ਸਰਗਰਮ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਕਮੇਟੀ ਮੈਂਬਰ ਵਿਕਰਮ ਸਿੰਘ ਰੋਹਨਿੀ, ਭੁਪਿੰਦਰ ਸਿੰਘ ਭੁੱਲਰ, ਮੀਡਿਆ ਸਲਾਹਕਾਰ ਸੁਦੀਪ ਸਿੰਘ ਰਾਣੀ ਬਾਗ ਤੇ ਹੋਰ ਪਤਵੰਤੇ ਹਾਜ਼ਰ ਸਨ