CM REKHA GUPTA ਵੱਲੋਂ ਦਿੱਲੀ ਲਕਸ਼ਮੀ ਯੋਜਨਾ ਦਾ ਪੋਰਟਲ ਲਾਂਚ
ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ; ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ: ਰੇਖਾ ਗੁਪਤਾ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ‘ਦਿੱਲੀ ਲਕਸ਼ਮੀ ਯੋਜਨਾ’ ਦਾ ਔਨਲਾਈਨ ਪੋਰਟਲ ਸ਼ੁਰੂ ਕੀਤਾ। ਇਸ ਯੋਜਨਾ ਤਹਿਤ ਕੌਮੀ ਰਾਜਧਾਨੀ ਦੀਆਂ ਯੋਗ ਔਰਤਾਂ ਨੂੰ ਹਰ ਮਹੀਨੇ 2,500 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਦਿੱਲੀ ਲਕਸ਼ਮੀ ਯੋਜਨਾ’ ਇੱਕ ਅਜਿਹੀ ਯੋਜਨਾ ਹੈ ਜੋ ਦਿੱਲੀ ਦੀਆਂ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰੇਗੀ। ਸਰਕਾਰ ਨੇ ਇਸ ਲਈ 5,100 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਪੋਰਟਲ ਸ਼ੁਰੂ ਹੋਣ ’ਤੇ ਇਸ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਔਰਤਾਂ ਲਈ ਬਹੁਤ ਖੁਸ਼ੀ ਦਾ ਪਲ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਨੂੰ ਲਗਭਗ ਡੇਢ ਸਾਲ ਦੇ ਅੰਦਰ ਲਾਗੂ ਕਰ ਦਿੱਤਾ ਹੈ ਅਤੇ ਦਿੱਲੀ ਦੇ ਵੋਟਰਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਇਸ ਦਾ ਪੋਰਟਲ ਅੱਜ ਲਾਂਚ ਹੋਣ ਨਾਲ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ। ਦਿੱਲੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਹ ਯੋਜਨਾ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਮੁੱਖ ਚੋਣ ਵਾਅਦਿਆਂ ਵਿੱਚ ਸ਼ਾਮਲ ਸੀ। ਯੋਜਨਾ ਦੀਆਂ ਸ਼ਰਤਾਂ ਅਨੁਸਾਰ 21 ਤੋਂ 60 ਸਾਲ ਦੀ ਉਮਰ ਵਾਲੀਆਂ ਉਹ ਔਰਤਾਂ ਅਰਜ਼ੀ ਦੇ ਸਕਣਗੀਆਂ, ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੱਕ ਹੈ। ਕਿਸੇ ਵੀ ਹੋਰ ਵਿੱਤੀ ਸਹਾਇਤਾ ਯੋਜਨਾ ਜਾਂ ਪੈਨਸ਼ਨ ਦਾ ਲਾਭ ਲੈ ਰਹੀਆਂ ਔਰਤਾਂ, ਟੈਕਸਦਾਤਾਵਾਂ, ਸਰਕਾਰੀ ਮੁਲਾਜ਼ਮਾਂ ਅਤੇ ਤਿੰਨ ਤੋਂ ਵੱਧ ਬੱਚਿਆਂ ਵਾਲੀਆਂ ਔਰਤਾਂ ਨੂੰ ਇਸ ਯੋਜਨਾ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਬਿਜਲੀ ਦੀ ਖਪਤ 2,400 ਯੂਨਿਟ ਤੋਂ ਵੱਧ ਹੈ, ਉਹ ਵੀ ਇਸ ਯੋਜਨਾ ਲਈ ਯੋਗ ਨਹੀਂ ਹੋਣਗੀਆਂ। ਇਸ ਤੋਂ ਇਲਾਵਾ, ਜਿਨ੍ਹਾਂ ਔਰਤਾਂ ਦੇ ਪਰਿਵਾਰ ਵਿੱਚ ਕੋਈ ਮੈਂਬਰ ਸਰਕਾਰੀ ਨੌਕਰੀ ਕਰਦਾ ਹੈ ਜਾਂ ਕਿਸੇ ਮੈਂਬਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਹੈ ਜਾਂ ਫਿਰ ਪਰਿਵਾਰ ਕੋਲ ਚਾਰ ਪਹੀਆ ਵਾਹਨ ਹੈ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਕੁੱਲ 2,500 ਰੁਪਏ ਦੀ ਸਹਾਇਤਾ ਰਾਸ਼ੀ ’ਚੋਂ 1,500 ਰੁਪਏ ਤਿੰਨ ਸਾਲਾਂ ਲਈ ਮਿਆਦੀ ਜਮ੍ਹਾਂ (ਐੱਫ ਡੀ) ਵਿੱਚ ਜਮ੍ਹਾਂ ਕੀਤੇ ਜਾਣਗੇ। ਇਹ ਰਕਮ ਤਿੰਨ ਸਾਲਾਂ ਤੋਂ ਪਹਿਲਾਂ ਨਹੀਂ ਕਢਵਾਈ ਜਾ ਸਕੇਗੀ। ਅਜਿਹੇ ਵਿੱਚ ਔਰਤਾਂ ਨੂੰ ਹਰ ਮਹੀਨੇ ਸਿੱਧੇ 1,000 ਰੁਪਏ ਹੀ ਮਿਲਣਗੇ।
ਕੈਂਪਾਂ ’ਚ ਰਜਿਸਟ੍ਰੇਸ਼ਨ ਲਈ ਔਰਤਾਂ ਦੀਆਂ ਕਤਾਰਾਂ ਲੱਗੀਆਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਲਕਸ਼ਮੀ ਯੋਜਨਾ ਲਈ ਪੋਰਟਲ ਲਾਂਚ ਹੋਣ ਮਗਰੋਂ ਅੱਜ ਦਿੱਲੀ ਭਰ ਵਿੱਚ ਰਜਿਸਟ੍ਰੇਸ਼ਨ ਕੈਂਪਾਂ ਵਿੱਚ ਔਰਤਾਂ ਦੀਆਂ ਕਤਾਰਾਂ ਲੱਗ ਗਈਆਂ। ਸਰਕਾਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਦੁਪਹਿਰ ਤੱਕ 1500 ਤੋਂ ਵੱਧ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਚੁੱਕੀ ਸੀ। ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਬਿਨੈਕਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੀ ਜਾਂਚ ਕਰਨ, ਨਿੱਜੀ ਅਤੇ ਪਰਿਵਾਰਕ ਵੇਰਵੇ ਭਰਨ ਅਤੇ ਯੋਜਨਾ ਲਈ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਵਿੱਚ ਮਦਦ ਕਰਨ ਲਈ ਕੈਂਪ ਲਗਾਏ ਹਨ। ਕੈਂਪਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹਰੇਕ ਰਜਿਸਟ੍ਰੇਸ਼ਨ ਵਿੱਚ ਸ਼ੁਰੂ ਵਿੱਚ ਲਗਭਗ 25 ਤੋਂ 30 ਮਿੰਟ ਲੱਗ ਰਹੇ ਸਨ। ਕਈ ਔਰਤਾਂ ਨੇ ਕਿਹਾ ਕਿ ਵਿੱਤੀ ਸਹਾਇਤਾ ਨੂੰ ਸਰਕਾਰ ਵੱਲੋਂ ‘ਰੱਖੜੀ ਦਾ ਤੋਹਫ਼ਾ’ ਆਖਿਆ।

