CJP Protest: ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਲਾਠੀਚਾਰਜ ਮਾਮਲੇ 'ਚ ਸੋਮਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ
ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਅਦਾਲਤ 'ਚ ਚੁੱਕਿਆ ਮੁੱਖ ਮੁੱਦਾ
ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਦੋਸ਼ ਲਗਾਉਣ ਵਾਲੀਆਂ ਦੋ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ।
ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ (CJI) ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਅੱਗੇ ਪਟੀਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ, "ਇਹ ਮਾਮਲਾ ਜ਼ਰੂਰੀ ਹੈ ਕਿਉਂਕਿ ਅਜਿਹਾ ਰੋਜ਼ਾਨਾ ਹੋ ਰਿਹਾ ਹੈ। ਪੁਲੀਸ ਬੱਚਿਆਂ 'ਤੇ ਬੇਹਿਸਾਬ ਲਾਠੀਚਾਰਜ ਕਰ ਰਹੀ ਹੈ। ਇਹ ਸਭ ਬਿਨਾਂ ਰੁਕੇ ਚੱਲ ਰਹਾ ਹੈ। ਕੁਝ ਕੰਟਰੋਲ ਜ਼ਰੂਰੀ ਹੈ। ਅਦਾਲਤ ਸਾਡੇ ਅਤੇ ਪੁਲੀਸ ਦੇ ਵਿਚਕਾਰ ਖੜ੍ਹੀ ਹੈ।"
ਸੀ ਜੇ ਆਈ ਨੇ ਜ਼ਰੂਰੀ ਸੁਣਵਾਈ ਲਈ ਇਸ ਮਾਮਲੇ ਨੂੰ 27 ਜੁਲਾਈ ਨੂੰ ਸੂਚੀਬੱਧ (list) ਕਰਨ 'ਤੇ ਸਹਿਮਤੀ ਜਤਾਈ।
ਇਸ ਤੋਂ ਪਹਿਲਾਂ, ਸੀ ਜੇ ਆਈ ਸੂਰਿਆ ਕਾਂਤ ਨੇ ਸਪਸ਼ਟ ਕੀਤਾ ਕਿ ਸੀ ਜੇ ਪੀ ਪ੍ਰਦਰਸ਼ਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕੋਈ ਪਟੀਸ਼ਨ ਦਾਖ਼ਲ ਨਹੀਂ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਮੀਡੀਆ ਰਿਪੋਰਟਾਂ 'ਤੇ ਸਖ਼ਤ ਇਤਰਾਜ਼ ਜਤਾਇਆ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਕਥਿਤ ਪੁਲੀਸ ਤਸ਼ੱਦਦ ਖ਼ਿਲਾਫ਼ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਅਜਿਹੀਆਂ ਰਿਪੋਰਟਾਂ ਨੂੰ "ਪੂਰੀ ਤਰ੍ਹਾਂ ਗ਼ਲਤ" ਅਤੇ "ਗ਼ੈਰ-ਜ਼ਿੰਮੇਵਾਰਾਨਾ" ਦੱਸਦਿਆਂ ਖਾਰਜ ਕਰਦੇ ਹੋਏ, ਸੀ ਜੇ ਆਈ ਨੇ ਕਿਹਾ ਕਿ ਕੋਈ ਪਟੀਸ਼ਨ ਦਾਖ਼ਲ ਨਹੀਂ ਕੀਤੀ ਗਈ ਸੀ।

