CJP Protest: ਸੀ ਜੇ ਪੀ ਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਗੇ ਧਰੁਵ ਰਾਠੀ ਅਤੇ ਪ੍ਰਕਾਸ਼ ਰਾਜ
ਕੌਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਦਿੱਤੀ ਜਾਣਕਾਰੀ
ਕੌਕਰੋਚ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਦੱਸਿਆ ਕਿ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਅਤੇ ਅਦਾਕਾਰ-ਨਿਰਦੇਸ਼ਕ ਪ੍ਰਕਾਸ਼ ਰਾਜ ਵੋਟਰ ਸੂਚੀਆਂ ਵਿੱਚ ਹੋਈਆਂ ਕਥਿਤ ਗੜਬੜੀਆਂ ਦੇ ਮਾਮਲੇ ਨੂੰ ਲੈ ਕੇ ਬੰਗਲੁਰੂ ਅਤੇ ਦਿੱਲੀ ਵਿੱਚ ਹੋਣ ਵਾਲੇ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣਗੇ।
ਕੌਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਕਿ ਰਾਠੀ ਅਤੇ ਰਾਜ ਵੀਰਵਾਰ, 8 ਅਕਤੂਬਰ ਨੂੰ ਬੰਗਲੁਰੂ ਦੇ ਫਰੀਡਮ ਪਾਰਕ ਵਿੱਚ "ਸਾਡੀਆਂ ਵੋਟਾਂ ਬਚਾਓ, ਲੋਕਤੰਤਰ ਬਚਾਓ" ਦੇ ਨਾਅਰੇ ਹੇਠ ਹੋਣ ਵਾਲੇ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ।
ਇਨ੍ਹਾਂ ਦੋਵਾਂ ਦੇ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵੀ ਸ਼ਾਮਲ ਹੋਣ ਦੀ ਉਮੀਦ ਹੈ, ਜਿੱਥੇ ਵੋਟਰਾਂ ਦੇ ਨਾਮ ਕੱਟਣ ਦੇ ਦੋਸ਼ਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਆਮ ਲੋਕ ਵੱਡਾ ਇਕੱਠ ਕਰ ਰਹੇ ਹਨ।
ਇਹ ਪ੍ਰਦਰਸ਼ਨ ਉਨ੍ਹਾਂ ਦੋਸ਼ਾਂ 'ਤੇ ਕੇਂਦਰਿਤ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਐੱਸ ਆਈ ਆਰ ਦੌਰਾਨ ਵੱਡੀ ਗਿਣਤੀ ਵਿੱਚ ਯੋਗ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਹੈ। ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਿਆਂ ਨੇ ਚੋਣ ਪ੍ਰਕਿਰਿਆ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਮੰਗ ਕੀਤੀ ਹੈ ਅਤੇ ਵੋਟਰਾਂ ਤੋਂ ਉਨ੍ਹਾਂ ਦਾ ਹੱਕ ਖੋਹਣ 'ਤੇ ਚਿੰਤਾ ਪ੍ਰਗਟਾਈ ਹੈ।
ਵੀਰਵਾਰ ਨੂੰ ਬੰਗਲੁਰੂ ਦੇ ਫਰੀਡਮ ਪਾਰਕ ਵਿਖੇ ਕਾਰਕੁਨਾਂ ਅਤੇ ਆਮ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ, ਜਦੋਂ ਕਿ 10 ਅਕਤੂਬਰ ਦੇ ਦਿੱਲੀ ਪ੍ਰਦਰਸ਼ਨ ਨੂੰ ਆਗੂਆਂ ਵੱਲੋਂ ਕਥਿਤ "ਵੋਟ ਚੋਰੀ" ਵਿਰੁੱਧ ਇੱਕ ਵੱਡੀ ਕੌਮੀ ਮੁਹਿੰਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਦੀਪਕੇ ਨੇ ਆਮ ਲੋਕਾਂ ਨੂੰ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਅਤੇ "ਸਾਡੀਆਂ ਵੋਟਾਂ ਬਚਾਓ, ਲੋਕਤੰਤਰ ਬਚਾਓ" ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।

