CJP Protest: 10 ਅਕਤੂਬਰ ਨੂੰ ਦਿੱਲੀ ਦਾ ਦਿਲ 'ਕਨਾਟ ਪਲੇਸ' ਰਹੇਗਾ ਪੂਰੀ ਤਰ੍ਹਾਂ ਬੰਦ: ਵਪਾਰੀਆਂ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ
ਵਾਰ-ਵਾਰ ਹੋਣ ਵਾਲੇ ਧਰਨਿਆਂ ਕਾਰਨ ਦਿੱਲੀ ਦਾ ਵਪਾਰ 70 ਫ਼ੀਸਦੀ ਡਿੱਗਿਆ: ਸੀ ਟੀ ਆਈ
ਕੌਕਰੋਚ ਜਨਤਾ ਪਾਰਟੀ (CJP) ਦੇ ਵੱਡੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸ਼ਨਿੱਚਰਵਾਰ, 10 ਅਕਤੂਬਰ ਨੂੰ ਦਿੱਲੀ ਦਾ ਦਿਲ ਮੰਨਿਆ ਜਾਂਦਾ ਕਨਾਟ ਪਲੇਸ ਮੁਕੰਮਲ ਬੰਦ ਰਹੇਗਾ। ਹਿੰਸਾ, ਜਾਮ ਅਤੇ ਭੰਨਤੋੜ ਦੇ ਖ਼ਤਰੇ ਨੂੰ ਦੇਖਦਿਆਂ ਨਿਊ ਦਿੱਲੀ ਟਰੇਡਰਜ਼ ਐਸੋਸੀਏਸ਼ਨ (NDTA) ਨੇ ਇਲਾਕੇ ਦੀਆਂ ਸਾਰੀਆਂ ਦੁਕਾਨਾਂ, ਦਫ਼ਤਰਾਂ ਅਤੇ ਰੈਸਟੋਰੈਂਟਾਂ ਨੂੰ ਇਹਤਿਆਤ ਵਜੋਂ ਬੰਦ ਰੱਖਣ ਦੀ ਅਪੀਲ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਭਾਰਗਵ ਨੇ 'ਟ੍ਰਿਬਿਊਨ ਸਮੂਹ' ਨਾਲ ਗੱਲ ਕਰਦਿਆਂ ਕਿਹਾ, "ਕਨਾਟ ਪਲੇਸ ਅਤੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਾਮ ਜਾਂ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ। ਪਰ ਅਸੀਂ ਹਰ ਰੋਜ਼ ਤਾਂ ਦੁਕਾਨਾਂ ਬੰਦ ਨਹੀਂ ਕਰ ਸਕਦੇ, ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਦਾ ਕੋਈ ਪੱਕਾ ਹੱਲ ਲੱਭਣਾ ਪਵੇਗਾ।"
ਹਾਲਾਂਕਿ ਹਰੇਕ ਦੁਕਾਨ ਬੰਦ ਰਹੇਗੀ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋਈ, ਪਰ ਜੇਕਰ ਵਪਾਰੀਆਂ ਨੇ ਇਸ ਅਪੀਲ ਦਾ ਪਾਲਣ ਕੀਤਾ ਤਾਂ ਸ਼ਹਿਰ ਦੇ ਇਸ ਸਭ ਤੋਂ ਵਿਅਸਤ ਬਾਜ਼ਾਰ ਵਿੱਚ ਸੰਨਾਟਾ ਪਸਰ ਜਾਵੇਗਾ।
ਇਹ ਬੰਦ ਜੰਤਰ-ਮੰਤਰ 'ਤੇ ਹੋਣ ਵਾਲੇ ਉਸ ਪ੍ਰਦਰਸ਼ਨ ਕਾਰਨ ਸੱਦਿਆ ਗਿਆ ਹੈ, ਜਿਸ ਵਿੱਚ ਸੀ ਜੇ ਪੀ ਵੋਟਰ ਸੂਚੀਆਂ ਦੇ ਮਾਮਲੇ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਪੁਲੀਸ ਨੇ ਦੇਰੀ ਨਾਲ ਅਰਜ਼ੀ ਦੇਣ ਅਤੇ ਕਾਨੂੰਨ-ਵਿਵਸਥਾ ਦਾ ਹਵਾਲਾ ਦੇ ਕੇ ਇਸ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਵਪਾਰੀਆਂ ਨੇ ਪੀ ਐੱਮ ਮੋਦੀ ਨੂੰ ਲਿਖੀ ਚਿੱਠੀ
ਦੂਜੇ ਪਾਸੇ, ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (CTI) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਵਾਰ-ਵਾਰ ਹੋਣ ਵਾਲੇ ਧਰਨਿਆਂ ਅਤੇ ਟਰੈਫ਼ਿਕ ਰੋਕਾਂ ਕਾਰਨ ਵਪਾਰ ਨੂੰ ਹੋ ਰਹੇ ਭਾਰੀ ਨੁਕਸਾਨ ਬਾਰੇ ਚਿੰਤਾ ਜਤਾਈ ਹੈ। ਸੰਗਠਨ ਦੇ ਜਨਰਲ ਸਕੱਤਰ ਗੁਰਮੀਤ ਅਰੋੜਾ ਅਤੇ ਰਮੇਸ਼ ਆਹੂਜਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਜਿਹੀਆਂ ਰੁਕਾਵਟਾਂ ਨਾਲ ਗਾਹਕ ਬਾਜ਼ਾਰਾਂ ਵਿੱਚੋਂ ਗ਼ਾਇਬ ਹੋ ਗਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਦਿੱਲੀ ਦਾ ਕੁੱਲ ਵਪਾਰ 70 ਫ਼ੀਸਦੀ ਡਿੱਗ ਚੁੱਕਾ ਹੈ ਅਤੇ ਸਿਰਫ਼ 30 ਫ਼ੀਸਦੀ ਹੀ ਰਹਿ ਗਿਆ ਹੈ।
ਸੰਗਠਨ ਮੁਤਾਬਕ ਦੂਜੇ ਸੂਬਿਆਂ ਤੋਂ ਰੋਜ਼ਾਨਾ ਦਿੱਲੀ ਆਉਣ ਵਾਲੇ 2 ਤੋਂ 3 ਲੱਖ ਵਪਾਰੀਆਂ ਦੀ ਗਿਣਤੀ ਘਟ ਕੇ ਮਹਿਜ਼ 40 ਤੋਂ 50 ਹਜ਼ਾਰ ਰਹਿ ਗਈ ਹੈ, ਜਦਕਿ ਸਥਾਨਕ ਖ਼ਰੀਦਦਾਰਾਂ ਵਿੱਚ ਵੀ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਹਾਲਾਂਕਿ ਇਹ ਅੰਕੜੇ ਵਪਾਰੀਆਂ ਦੇ ਆਪਣੇ ਅੰਦਾਜ਼ੇ ਹਨ।
ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਵਪਾਰੀਆਂ ਨੇ ਮੰਗ ਕੀਤੀ ਹੈ ਕਿ:
-11 ਅਕਤੂਬਰ ਤੋਂ ਲੈ ਕੇ ਦੀਵਾਲੀ ਤੱਕ ਮੁੱਖ ਬਾਜ਼ਾਰਾਂ ਵਿੱਚ ਪ੍ਰਦਰਸ਼ਨਾਂ 'ਤੇ ਮੁਕੰਮਲ ਰੋਕ ਲੱਗੇ।
-ਜੰਤਰ-ਮੰਤਰ 'ਤੇ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਤੋਂ ਵੱਧ 1,000 ਤੈਅ ਕੀਤੀ ਜਾਵੇ।
-ਅਜਿਹੇ ਪ੍ਰਦਰਸ਼ਨਾਂ ਲਈ ਸ਼ਹਿਰ ਦੇ ਕੇਂਦਰ ਤੋਂ ਬਾਹਰ ਬੁਰਾੜੀ ਜਾਂ ਰਾਮਲੀਲਾ ਮੈਦਾਨ ਵਰਗੀ ਕੋਈ ਪੱਕੀ ਥਾਂ ਤੈਅ ਕੀਤੀ ਜਾਵੇ।

