ਦਿੱਲੀ ’ਚ ਬਿਜਲੀ ਸਮਰੱਥਾ ਵਧਾਉਣ ਲਈ ਚਾਰਾਜੋਈ ਸ਼ੁਰੂ
ਮੁੱਖ ਮੰਤਰੀ ਨੇ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਦੀ ਯੋਜਨਾ ਦਾ ਉਦਘਾਟਨ ਕੀਤਾ
ਇੱਥੇ ਅੱਜ ਚਾਂਦਨੀ ਚੌਕ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ। ਇਸ ਦਾ ਉਦਘਾਟਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਗਲੇ ਪੰਜਾਹ ਸਾਲ ਲਈ ਸ਼ਹਿਰ ਦੀ ਬਿਜਲੀ ਸਮਰੱਥਾ ਨੂੰ ਵਧਾਉਣ ਲਈ ਤਿਆਰੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੂਚਾ ਮਹਾਜਨੀ, ਭਾਗੀਰਥ ਪੈਲੇਸ, ਜਾਮਾ ਮਸਜਿਦ ਰੋਡ ਅਤੇ ਨਵੀਂ ਸੜਕ ਸਣੇ ਪੁਰਾਣੀ ਦਿੱਲੀ ਦੇ ਕਰੀਬ 28 ਇਲਾਕੇ ਬਿਜਲੀ ਦੀਆਂ ਲਟਕਦੀਆਂ ਤਾਰਾਂ ਤੋਂ ਮੁਕਤ ਹੋ ਜਾਣਗੇ। ਇਸ ਯੋਜਨਾ ’ਤੇ ਕਰੀਬ 160 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਵਧਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੀ ਹੈ, ਇਸ ਦਾ ਸਿੱਧਾ ਅਸਰ ਬਿਜਲੀ ਦੀ ਮੰਗ ’ਤੇ ਪਵੇਗਾ। ਬਿਜਲੀ ਦੀ ਮੰਗ ਵਧਣ ਦੇ ਮੱਦੇਨਜ਼ਰ ਅਜਿਹੀਆਂ ਯੋਜਨਾਵਾਂ ਨੂੰ ਜਲਦੀ ਅਮਲ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਦਿੱਲੀ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਤਹਾਸਿਕ ਟਾਊਨ ਹਾਲ ਭਵਨ ਨੂੰ ਸਮਾਰਕ ਦੇ ਰੂਪ ਪੁਨਰਜੀਵਤ ਕਰੇਗੀ। ਇਸ ਮੌਕੇ ਇਲਾਕੇ ਦੇ ਵਾਸੀ ਅਤੇ ਭਾਜਪਾ ਵਰਕਰ ਮੌਜੂਦ ਸਨ। ਇਸ ਮੌਕੇ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ।

