ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਇਸਤਰੀ ਅਕਾਲੀ ਦਲ ਵੱਲੋਂ ਕਰਵਾਏ ਮਾਤਾ ਗੁਜਰੀ ਨੂੰ ਸਮਰਪਿਤ ਸਮਾਗਮ ਵਿਚ ਦਿੱਲੀ ਗੁੁਰੁਦਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਾਤਾ ਗੁਜਰੀ ਦਾ 400 ਸਾਲਾ ਜਨਮ ਦਿਹਾੜਾ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ। ਦਿੱਲੀ ਕਮੇਟੀ ਨੇ ਸਿੱਖ ਧਰਮ ਬਾਰੇ ਘਰ ਘਰ ਤੱਕ ਪ੍ਰਚਾਰ ਕਰਨ ਲਈ ਵਿਉਤਬੰਦੀ ਕੀਤੀ ਜਾਵੇਗੀ ਤੇ ਸਥਾਨਕ ਪੱਧਰ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਤਾਲਮੇਲ ਕਮੇਟੀ ਮਾਤਾ ਗੁਜਰੀ ਦੇ 400 ਸਾਲਾ ਜਨਮ ਦਿਵਸ ਦੇ ਸਬੰਧ ਵਿਚ ਗਠਿਤ ਕੀਤੀ ਜਾਣੀ ਹੈ, ਉਸ ਵਿਚ ਸੰਗਤਾਂ ਤੈਅ ਕਰਨਗੀਆਂ ਕਿ ਪ੍ਰੋਗਰਾਮ ਕਿਵੇਂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਕਸਦ ਇਹ ਹੈ ਕਿ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਨੂੰ ਘਰ ਘਰ ਪਹੁੰਚਾਇਆ ਜਾਵੇ । ਉਨ੍ਹਾਂ ਕਿਹਾ ਕਿ ਜੋ ਅਕਾਲੀ ਦਲ (ਦਿੱਲੀ ਸਟੇਟ) ਗਠਿਤ ਕੀਤਾ ਗਿਆ ਹੈ, ਉਹ ਨਿਰੋਲ ਧਾਰਮਿਕ ਪਾਰਟੀ ਹੈ ਜਿਸ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਗੱਲ ਸਾਡੇ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਕਾਰਨ ਉਹ ਲਗਾਤਾਰ ਸਾਡੇ ਖਿਲਾਫ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਕਮੇਟੀ ਦੇ ਸਥਾਨ ’ਤੇ ਸਾਡੇ ਦਫਤਰ ਵਿਚ ਅਖੰਡ ਪਾਠ ਤਾਂ ਆਰੰਭ ਕਰਵਾ ਦਿੱਤੇ ਹਨ ਪਰ ਉਥੇ ਸੇਵਾਦਾਰ ਕੋਈ ਨਹੀਂ ਹੁੰਦਾ ਤੇ ਇਕੱਲਾ ਪਾਠੀ ਸਿੰਘ ਪਾਠ ਕਰ ਰਿਹਾ ਹੁੰਦਾ ਹੈ ਜੋ ਬਹੁਤ ਵੱਡੀ ਬੇਅਦਬੀ ਹੈ।