ਕੇਂਦਰ ਨੇ ਪੰਜਾਬ ਨੂੰ ‘ਟੌਪ ਅਚੀਵਰ’ ਪੁਰਸਕਾਰ ਨਾਲ ਸਨਮਾਨਿਆ
ਮਨਧੀਰ ਸਿੰਘ ਦਿਓਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਨੇ ਅੱਜ ਵਪਾਰ ਸੁਧਾਰ ਕਾਰਜ ਯੋਜਨਾ (ਬੀ ਆਰ ਏ ਪੀ) 2024 ਤਹਿਤ ਪੰਜਾਬ ਨੂੰ ‘ਟੌਪ ਅਚੀਵਰ’ ਦੇ ਪੁਰਸਕਾਰ ਨਾਲ ਸਨਮਾਨਿਆ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅੱਜ ਕੌਮੀ ਰਾਜਧਾਨੀ ਵਿੱਚ ਕਰਵਾਏ ਸਮਾਗਮ ਦੌਰਾਨ ਸੂਬੇ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਨੇ ਭਾਰਤ ਵਿੱਚ ਪੰਜ ਮੁੱਖ ਸੁਧਾਰ ਖੇਤਰਾਂ ਜਿਵੇਂ ਬਿਜ਼ਨਸ ਐਂਟਰੀ, ਨਿਰਮਾਣ ਪਰਮਿਟ ਪ੍ਰਾਪਤਕਰਤਾ, ਨਿਵੇਸ਼ ਪ੍ਰਾਪਤਕਰਤਾ, ਖੇਤਰ-ਵਿਸ਼ੇਸ਼ ਸਿਹਤ ਸੰਭਾਲ ਅਤੇ ਸੇਵਾਵਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਭਾਰਤ ਸਰਕਾਰ ਦੇ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀ ਪੀ ਆਈ ਆਈ ਟੀ) ਨੇ ਬੀ ਆਰ ਏ ਪੀ 2024 ਤਹਿਤ ਪੰਜਾਬ ਨੂੰ ‘ਟਾਪ ਅਚੀਵਰ’ ਵਜੋਂ ਮਾਨਤਾ ਦਿੱਤੀ ਹੈ। ਇਹ ਮਾਨਤਾ ਪਾਰਦਰਸ਼ੀ, ਕੁਸ਼ਲ ਅਤੇ ਨਿਵੇਸ਼ਕ-ਪੱਖੀ ਵਪਾਰਕ ਮਾਹੌਲ ਪ੍ਰਦਾਨ ਕਰਨ ਪ੍ਰਤੀ ਪੰਜਾਬ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਲਗਾਤਾਰ ਉਦਯੋਗਿਕ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਦਯੋਗ-ਪੱਖੀ ਨੀਤੀਆਂ, ਪਾਰਦਰਸ਼ੀ ਪ੍ਰਸ਼ਾਸਨ ਅਤੇ ਵਪਾਰ-ਪੱਖੀ ਮਾਹੌਲ ਸਦਕਾ ਨਿਵੇਸ਼ਕ ਸੂਬੇ ਵੱਲ ਆਕਰਸ਼ਿਤ ਹੋ ਰਹੇ ਹਨ। ਪੰਜਾਬ ਦੇ ਸ਼ਾਂਤ ਅਤੇ ਸਦਭਾਵਨਾ ਵਾਲੇ ਮਾਹੌਲ ਨੇ ਉਦਯੋਗਿਕ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ ਹੈ। ਮਾਰਚ 2022 ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਹੁਣ ਤੱਕ ਪੰਜਾਬ ਨੂੰ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਮਤੇ ਪ੍ਰਾਪਤ ਹੋਏ ਹਨ। ਇਸ ਨਾਲ ਲਗਪਗ 4.7 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਫੂਡ ਪ੍ਰਾਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟ, ਦਸਤੀ ਉਪਕਰਨ, ਸਾਈਕਲ, ਆਈ ਟੀ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਸਦਕਾ ਪੰਜਾਬ ਦੂਜੇ ਸੂਬਿਆਂ ਲਈ ਮਿਸਾਲ ਬਣ ਰਿਹਾ ਹੈ। ਸੂਬਾ ਸਰਕਾਰ ਦੀਆਂ ਨੀਤੀਆਂ ਸਦਕਾ ਪੰਜਾਬ ਵਿਕਸਤ ਦੇਸ਼ਾਂ ਜਿਵੇਂ ਜਾਪਾਨ, ਅਮਰੀਕਾ, ਯੂ ਕੇ, ਯੂ ਏ ਈ, ਫਰਾਂਸ, ਸਪੇਨ ਆਦਿ ਤੋਂ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ। ਸੂਬਾ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਨਾ ਸਿਰਫ਼ ਭਾਰਤ ਦੇ ਸਗੋਂ ਦੁਨੀਆਂ ਦੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰ ਰਿਹਾ ਹੈ। ਇਸੇ ਤਰ੍ਹਾਂ ਸੂਬਾ ਹੁਣ ਕਾਰੋਬਾਰ ਕਰਨ ਵਿੱਚ ਸੌਖ ਪੱਖੋਂ ਪਹਿਲੇ ਸਥਾਨ ’ਤੇ ਹੈ। ਸੂਬਾ ਸਰਕਾਰ ਵੱਲੋਂ ਪੇਸ਼ ਕੀਤਾ ਫਾਸਟਟਰੈਕ ਪੰਜਾਬ ਪੋਰਟਲ ਭਾਰਤ ਦਾ ਸਭ ਤੋਂ ਉੱਨਤ ਸਿੰਗਲ-ਵਿੰਡੋ ਸਿਸਟਮ ਬਣ ਗਿਆ ਹੈ, ਜੋ ਆਫਲਾਈਨ ਐਪਲੀਕੇਸ਼ਨਾਂ ਦੀ ਜ਼ਰੂਰਤ ਨੂੰ ਖ਼ਤਮ ਕਰਦਾ ਹੋਇਆ 150 ਤੋਂ ਵੱਧ ਵਪਾਰਕ ਸੇਵਾਵਾਂ ਪ੍ਰਦਾਨ ਕਰਦਾ ਹੈ।
