ਨਵੀਂ ਦਿੱਲੀ, 28 ਮਈ
ਦਿੱਲੀ ਮੈਟਰੋ ਦੇ ਕੇਂਦਰੀ ਸਕੱਤਰ ਅਤੇ ਉਦਯੋਗ ਭਵਨ ਸਟੇਸ਼ਨ ਦੇ ਸਾਰੇ ਦਾਖਲੇ ਤੇ ਨਿਕਾਸ ਰਸਤੇ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਮੱਦੇਨਜ਼ਰ ਬੰਦ ਕਰ ਦਿੱਤੇ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸ਼ੋਕ ਰੋਡ ਦੇ ਕੋਲ ਪਟੇਲ ਚੌਕ ਮੈਟਰੋ ਸਟੇਸ਼ਨ ਦਾ ਗੇਟ ਨੰਬਰ ਤਿੰਨ ਵੀ ਦੁਪਹਿਰ ਸਮੇਂ ਬੰਦ ਕਰ ਦਿੱਤਾ ਗਿਆ। ਨਵਾਂ ਸੰਸਦ ਭਵਨ ਕੇਂਦਰੀ ਸਕੱਤਰ ਸਟੇਸ਼ਨ ਦੇ ਨੇੜੇ ਸਥਿਤ ਹੈ, ਜੋ ‘ਪੀਲੀ ਲਾਈਨ’ ਅਤੇ ‘ਚਿੱਟੀ ਲਾਈਨ’ ‘ਤੇ ਆਉਣ ਵਾਲਾ ਇੰਟਰਚੇਂਜ ਸਟੇਸ਼ਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀਆਂ ਅਤੇ ਪੁਜਾਰੀਆਂ ਦੀ ਹਾਜ਼ਰੀ ਵਿੱਚ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਦੇ ਸਵੇਰੇ 8.30 ਵਜੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਦਿੱਲੀ ਮੈਟਰੋ ਰੇਲ ਪੁਲੀਸ ਦੇ ਨਿਰਦੇਸ਼ਾਂ ਮੁਤਾਬਕ ਕੇਂਦਰੀ ਸਕੱਤਰ ਅਤੇ ਉਦਯੋਗ ਭਵਨ ਸਟੇਸ਼ਨ ਦੇ ਸਾਰੇ ਪ੍ਰਵੇਸ਼ ਤੇ ਨਿਕਾਸ ਗੇਟ ਯਾਤਰੀਆਂ ਦੀ ਆਵਾਜਾਈ ਲਈ ਬੰਦ ਕੀਤੇ ਗਏ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਮੈਟਰੋ ਸੇਵਾਵਾਂ ਸ਼ੁਰੂ ਹੋਣ ਤੋਂ ਹੀ ਇਨ੍ਹਾਂ ਦੋਵੇਂ ਸਟੇਸ਼ਨਾਂ ਦੇ ਗੇਟ ਬੰਦ ਹਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਸਟੇਸ਼ਨਾਂ ਦੇ ਗੇਟ ਬੰਦ ਕਰਨ ਸਬੰਧੀ ਸਵੇਰ ਤੋਂ ਹੀ ਸੂਚਿਤ ਕੀਤਾ ਜਾ ਰਿਹਾ ਹੈ। ਉਦਘਾਟਨ ਤੋਂ ਪਹਿਲਾਂ ਪੁਲੀਸ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਨਵੀਂ ਦਿੱਲੀ ਜ਼ਿਲ੍ਹੇ ਨੂੰ ਇੱਕ ਨਿਯੰਤਰਿਤ ਖੇਤਰ ਮੰਨਿਆ ਜਾਵੇਗਾ ਤੇ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਹੋਵੇਗੀ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। -ਪੀਟੀਆਈ