DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CBSE News: ਵਿਦਿਆਰਥੀਆਂ ਨੂੰ ਅੰਕਾਂ ਦੇ ਵੇਰਵੇ ਤੇ ਉੱਤਰ ਕਾਪੀਆਂ ਦੇਣ ਲਈ ਸਮਾਂ-ਸੀਮਾ ਨਿਰਧਾਰਤ ਕਰੇ ਸੀ ਬੀ ਐੱਸ ਈ: ਕੇਂਦਰੀ ਸੂਚਨਾ ਕਮਿਸ਼ਨ

ਕਮਿਸ਼ਨ ਨੇ ਅਜੋਕੇ ਸਮੇਂ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

CBSE SOP for Answer Sheets: ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਸੀਬੀਐੱਸਈ ਨੂੰ ਸਿਫ਼ਾਰਸ਼ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਮੰਗ ’ਤੇ ਉਨ੍ਹਾਂ ਦੇ ਅੰਕਾਂ ਦੇ ਵੇਰਵੇ ਜਾਂ ਉੱਤਰ ਕਾਪੀਆਂ ਮੁਹੱਈਆ ਕਰਵਾਉਣ ਲਈ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਤਿਆਰ ਕਰੇ। ਕਮਿਸ਼ਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਤਰ੍ਹਾਂ ਦੀ ਪ੍ਰਕਿਰਿਆ ਬਣਾਉਣਾ ਬਹੁਤ ਜ਼ਰੂਰੀ ਹੈ।

ਇਹ ਸਿਫ਼ਾਰਸ਼ ਇੱਕ 12ਵੀਂ ਜਮਾਤ ਦੀ ਵਿਦਿਆਰਥਣ ਦੀ ਅਪੀਲ ’ਤੇ ਫ਼ੈਸਲਾ ਸੁਣਾਉਂਦੇ ਹੋਏ ਕੀਤੀ ਗਈ। ਵਿਦਿਆਰਥਣ ਨੇ 2021 ਦੀਆਂ ਬੋਰਡ ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ ਉਸ ਦੇ ਨਤੀਜੇ ਤਿਆਰ ਕਰਨ ਲਈ ਵਰਤੇ ਗਏ ਮੁਲਾਂਕਣ ਨਾਲ ਸਬੰਧਤ ਰਿਕਾਰਡ ਮੰਗੇ ਸਨ।

Advertisement

ਵਿਦਿਆਰਥਣ ਦਾ ਦੋਸ਼ ਸੀ ਕਿ ਮੁਲਾਂਕਣ ਪ੍ਰਕਿਰਿਆ ਵਿੱਚ ਹੋਈਆਂ ਗਲਤੀਆਂ ਕਾਰਨ ਉਸ ਨੂੰ ਮਾਨਸਿਕ ਪਰੇਸ਼ਾਨੀ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਥੈਰੇਪੀ ਵੀ ਲੈਣੀ ਪਈ।

Advertisement

ਸੂਚਨਾ ਕਮਿਸ਼ਨਰ ਸੁਧਾ ਰਾਣੀ ਰੇਲੰਗੀ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਵੱਡੀ ਲੋੜ ਹੈ ਕਿ ਸੀਬੀਐੱਸਈ ਵਿਦਿਆਰਥੀਆਂ ਦੀ ਅਪੀਲ ’ਤੇ ਅੰਕ ਜਾਂ ਉੱਤਰ ਕਾਪੀਆਂ ਦੇਣ ਲਈ ਨਿਰਧਾਰਤ ਸਮਾਂ-ਸੀਮਾ ਵਾਲਾ ਐੱਸਓਪੀ ਤਿਆਰ ਕਰੇ।

ਕਮਿਸ਼ਨ ਨੇ ਕਿਹਾ ਕਿ ਅਜਿਹੀ ਪ੍ਰਕਿਰਿਆ ਲਾਗੂ ਹੋਣ ਨਾਲ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਨੌਜਵਾਨਾਂ ’ਤੇ ਪੈਣ ਵਾਲੇ ਮਾਨਸਿਕ ਦਬਾਅ ਨੂੰ ਵੀ ਘਟਾਇਆ ਜਾ ਸਕੇਗਾ।

ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਦੀ ਧਾਰਾ 25(5) ਤਹਿਤ ਕਮਿਸ਼ਨ ਨੇ ਸੀਬੀਐੱਸਈ ਨੂੰ ਸਿਫ਼ਾਰਸ਼ ਕੀਤੀ ਹੈ ਕਿ ਉਹ ਇਹ ਐੱਸਓਪੀ ਤਿਆਰ ਕਰੇ ਅਤੇ ਇਸ ਨਾਲ ਸਬੰਧਤ ਨੀਤੀ ਦੀ ਜਾਣਕਾਰੀ ਆਪਣੀ ਸਰਕਾਰੀ ਵੈੱਬਸਾਈਟ ’ਤੇ ਵੀ ਅਪਲੋਡ ਕਰੇ।

ਕਮਿਸ਼ਨ ਨੇ ਆਪਣੇ ਹੁਕਮ ਦੀ ਇੱਕ ਕਾਪੀ ਲੋੜੀਂਦੀ ਕਾਰਵਾਈ ਲਈ ਸੀਬੀਐੱਸਈ ਦੇ ਸਕੱਤਰ ਨੂੰ ਵੀ ਭੇਜੀ ਹੈ। ਨਾਲ ਹੀ ਪਹਿਲੀ ਅਪੀਲੀ ਅਥਾਰਟੀ ਨੂੰ ਚਾਰ ਹਫ਼ਤਿਆਂ ਦੇ ਅੰਦਰ ਪਾਲਣਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵਿਦਿਆਰਥਣ ਦੀ ਸ਼ਿਕਾਇਤ ਬਾਰੇ ਕਮਿਸ਼ਨ ਨੇ ਕਿਹਾ ਕਿ ਕੇਂਦਰੀ ਲੋਕ ਸੂਚਨਾ ਅਧਿਕਾਰੀ (ਸੀਪੀਆਈਓ) ਵੱਲੋਂ ਵਿਦਿਆਰਥਣ ਨੂੰ ਉਸ ਦੇ ਆਪਣੇ ਮੁਲਾਂਕਣ ਦੇ ਅੰਕ ਨਾ ਦੇਣਾ ਆਰਟੀਆਈ ਕਾਨੂੰਨ ਦੀ ਭਾਵਨਾ ਦੇ ਉਲਟ ਹੈ।

ਕਮਿਸ਼ਨ ਨੇ ਇਹ ਵੀ ਕਿਹਾ ਕਿ ਭਾਵੇਂ ਵਿਦਿਆਰਥਣ ਦੀ ਪਟੀਸ਼ਨ ਇਸ ਸਮੇਂ ਹਾਈ ਕੋਰਟ ਵਿੱਚ ਲੰਬਿਤ ਹੈ, ਫਿਰ ਵੀ ਸੀਪੀਆਈਓ ਨੂੰ ਹੋਰ ਵਿਦਿਆਰਥੀਆਂ ਦੀ ਗੁਪਤ ਜਾਣਕਾਰੀ ਹਟਾ ਕੇ ਉਸ ਦੇ ਆਪਣੇ ਮੁਲਾਂਕਣ ਨਾਲ ਸਬੰਧਤ ਜਾਣਕਾਰੀ ਦੇਣੀ ਚਾਹੀਦੀ ਸੀ।

ਕਮਿਸ਼ਨ ਨੇ ਸੀਬੀਐੱਸਈ ਦੇ ਸੀਪੀਆਈਓ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਦਿਆਰਥਣ ਨੂੰ ਬਿਨਾਂ ਕਿਸੇ ਫ਼ੀਸ ਦੇ ਸੋਧਿਆ ਹੋਇਆ ਜਵਾਬ ਭੇਜੇ ਅਤੇ ਆਰਟੀਆਈ ਅਰਜ਼ੀ ਵਿੱਚ ਮੰਗੇ ਗਏ ਨਿਰਧਾਰਤ ਟੇਬਲ ਦੇ ਰੂਪ ਵਿੱਚ ਉਸ ਦੇ ਮੁਲਾਂਕਣ ਦੇ ਅੰਕ ਵੀ ਮੁਹੱਈਆ ਕਰਵਾਏ।

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਨ 2021 ਦੀਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉਸ ਤੋਂ ਬਾਅਦ ਸੀਬੀਐੱਸਈ ਨੇ ਖ਼ਾਸ ਮੁਲਾਂਕਣ ਨੀਤੀ ਅਪਣਾਈ ਸੀ। ਵਿਦਿਆਰਥਣ ਨੇ ਉਸੇ ਨੀਤੀ ਤਹਿਤ ਪੰਜ ਵਿਸ਼ਿਆਂ ਦੀ ਟੈਬੂਲੇਸ਼ਨ ਸ਼ੀਟ ਮੰਗੀ ਸੀ। ਸੁਣਵਾਈ ਦੌਰਾਨ ਉਸ ਨੇ ਦਲੀਲ ਦਿੱਤੀ ਕਿ ਉਸ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਸ ਦਾ ਮੁਲਾਂਕਣ ਕਿਸ ਆਧਾਰ ’ਤੇ ਕੀਤਾ ਗਿਆ ਅਤੇ ਆਰਟੀਆਈ ਕਾਨੂੰਨ ਦੀ ਕੋਈ ਵੀ ਛੋਟ ਉਸ ਦੇ ਆਪਣੇ ਰਿਕਾਰਡ ਦੇਣ ਤੋਂ ਨਹੀਂ ਰੋਕਦੀ।

Advertisement
×