CBSE Evaluation Controversy: ਵਿਦਿਆਰਥੀਆਂ ਵੱਲੋਂ ਉੱਤਰ-ਪੱਤਰੀਆਂ ਬਦਲਣ ਦੇ ਦੋਸ਼
CBSE On-Screen Marking: ਸਕੈਨ ਕੀਤੀਆਂ ਕਾਪੀਆਂ ਸਾਡੀਆਂ ਨਹੀਂ ਤੇ ਲਿਖਾਈ ਵੀ ਸਾਡੀ ਨਹੀਂ: ਵਿਦਿਆਰਥੀ
CBSE On-Screen Marking: CBSE ਦੀ ਮੁੜ-ਮੁਲਾਂਕਣ (ਰੀ-ਵੈਲਿਊਏਸ਼ਨ) ਪ੍ਰਕਿਰਿਆ ਵਿੱਚ ਗੜਬੜੀਆਂ ਅਤੇ ਖਾਮੀਆਂ ਨੂੰ ਲੈ ਕੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਹੁਣ 12ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਬੋਰਡ ਵੱਲੋਂ ਅਪਲੋਡ ਕੀਤੀਆਂ ਗਈਆਂ ਉਨ੍ਹਾਂ ਦੀਆਂ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਵਿੱਚ ਲਿਖਾਈ ਉਨ੍ਹਾਂ ਦੀ ਨਹੀਂ ਹੈ। ਇਸ ਖੁਲਾਸੇ ਨੇ ਬੋਰਡ ਦੀ ਔਨ ਸਕ੍ਰੀਨ ਮਾਰਕਿੰਗ' (OSM) ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਅਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੀਆਂ ਆਂਸਰ ਸ਼ੀਟਾਂ ਆਪਸ ਵਿੱਚ ਬਦਲ ਗਈਆਂ ਹਨ। ਹਾਲਾਂਕਿ, ਇਸ ਪੂਰੇ ਮਾਮਲੇ 'ਤੇ CBSE ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਗਿਆ।
ਦਿੱਲੀ ਦੇ ਰਹਿਣ ਵਾਲੇ ਵੇਦਾਂਤ ਨਾਂ ਦੇ ਇੱਕ ਵਿਦਿਆਰਥੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਪਾ ਕੇ ਦੱਸਿਆ ਕਿ ਭੌਤਿਕ ਵਿਗਿਆਨ (ਫਿਜ਼ਿਕਸ) ਦੇ ਪੇਪਰ ਵਿੱਚ ਉਮੀਦ ਤੋਂ ਬਹੁਤ ਘੱਟ ਨੰਬਰ ਆਉਣ ਤੋਂ ਬਾਅਦ ਜਦੋਂ ਉਸ ਨੇ ਰੀ-ਵੈਲਿਊਏਸ਼ਨ ਤਹਿਤ ਆਪਣੀ ਆਂਸਰ ਸ਼ੀਟ ਦੀ ਫੋਟੋਕਾਪੀ ਮੰਗਵਾਈ ਤਾਂ ਉਹ ਹੈਰਾਨ ਰਹਿ ਗਿਆ। ਵੇਦਾਂਤ ਮੁਤਾਬਕ ਜੋ ਆਂਸਰ ਸ਼ੀਟ ਅਪਲੋਡ ਕੀਤੀ ਗਈ ਹੈ, ਉਹ ਉਸ ਦੀ ਹੈ ਹੀ ਨਹੀਂ। ਉਸ ਦੀ ਇਹ ਪੋਸਟ ਇੰਨੀ ਵਾਇਰਲ ਹੋਈ ਕਿ ਇਸ ਨੂੰ 25 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਵੇਦਾਂਤ ਨੇ ਲਿਖਿਆ ਕਿ ਇਸ ਕਾਪੀ ਦੀ ਲਿਖਾਈ, ਅੱਖਰਾਂ ਦੀ ਬਣਤਰ, ਸ਼ਬਦਾਂ ਵਿਚਕਾਰ ਦੂਰੀ ਅਤੇ ਲਿਖਣ ਦਾ ਤਰੀਕਾ ਉਸ ਦੇ ਅੰਗਰੇਜ਼ੀ ਤੇ ਕੰਪਿਊਟਰ ਸਾਇੰਸ ਦੇ ਪੇਪਰਾਂ ਅਤੇ ਘਰ ਪਏ ਨੋਟਸ ਨਾਲ ਬਿਲਕੁਲ ਵੀ ਨਹੀਂ ਮਿਲਦਾ। ਉਸ ਨੇ ਸਵਾਲ ਚੁੱਕਿਆ ਕਿ ਜੇਕਰ ਇਹ ਕਾਪੀ ਕਿਸੇ ਹੋਰ ਦੀ ਹੈ ਤਾਂ ਫਿਰ ਉਸ ਦੇ ਰੋਲ ਨੰਬਰ 'ਤੇ ਕਿਸ ਦੇ ਪੇਪਰ ਦੀ ਜਾਂਚ ਕੀਤੀ ਗਈ ਹੈ।
ਸ਼ੁਰੂਆਤ ਵਿੱਚ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਵੇਦਾਂਤ ਦਾ ਨਵਾਂ ਖਾਤਾ ਹੋਣ ਕਾਰਨ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ 'ਦੇਸ਼ ਵਿਰੋਧੀ' ਤੇ 'ਪਾਕਿਸਤਾਨੀ' ਤੱਕ ਕਹਿ ਦਿੱਤਾ ਪਰ ਇਸ ਦੇ ਜਵਾਬ ਵਿੱਚ ਵੇਦਾਂਤ ਦੇ ਭਰਾ ਸਿੱਧਾਂਤ ਸ਼੍ਰੀਵਾਸਤਵ ਨੇ ਸਪੱਸ਼ਟ ਕੀਤਾ ਕਿ ਵੇਦਾਂਤ ਸੋਸ਼ਲ ਮੀਡੀਆ 'ਤੇ ਨਹੀਂ ਸੀ ਕਿਉਂਕਿ ਉਹ ਆਪਣੀ ਪੜ੍ਹਾਈ ਵਿੱਚ ਰੁੱਝਿਆ ਹੋਇਆ ਸੀ ਅਤੇ ਇਹ ਖਾਤਾ ਸਿਰਫ਼ ਇਸ ਇਨਸਾਫ਼ ਦੀ ਲੜਾਈ ਲਈ ਬਣਾਇਆ ਗਿਆ ਹੈ।
ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਣੇ ਕਈ ਹੋਰ ਆਗੂਆਂ ਨੇ ਵੀ ਵਿਦਿਆਰਥੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਵੇਦਾਂਤ ਨੇ ਮੰਗ ਕੀਤੀ ਹੈ ਕਿ ਬੋਰਡ ਉਸ ਦੀ ਅਸਲ ਸਰੀਰਕ (ਫਿਜ਼ੀਕਲ) ਕਾਪੀ ਦੀ ਜਾਂਚ ਕਰੇ ਅਤੇ ਸਕੈਨਿੰਗ ਦੌਰਾਨ ਹੋਈ ਗੜਬੜੀ ਦਾ ਪਤਾ ਲਗਾਏ।
ਸੰਜਨਾ ਸਣੇ ਕਈ ਹੋਰ ਵਿਦਿਆਰਥੀਆਂ ਨਾਲ ਵੀ ਵਾਪਰਿਆ ਇਹੀ ਭਾਣਾ; ਅੰਦਰਲੇ ਪੰਨਿਆਂ ਦੀ ਲਿਖਾਈ ਬਦਲੀ
ਵੇਦਾਂਤ ਤੋਂ ਇਲਾਵਾ 12ਵੀਂ ਜਮਾਤ ਦੀ ਇੱਕ ਹੋਰ ਵਿਦਿਆਰਥਣ ਸੰਜਨਾ ਨੇ ਵੀ ਅਜਿਹਾ ਹੀ ਦੋਸ਼ ਲਗਾਇਆ ਹੈ। ਸੰਜਨਾ ਨੇ ਦੱਸਿਆ ਕਿ ਜਦੋਂ ਉਸ ਨੇ ਰਸਾਇਣ ਵਿਗਿਆਨ (ਕੈਮਿਸਟਰੀ) ਦੀ ਮੁੜ-ਮੁਲਾਂਕਣ ਕਾਪੀ ਦੇਖੀ ਤਾਂ ਉਹ ਹੈਰਾਨ ਰਹਿ ਗਈ। 70 ਨੰਬਰ ਦੇ ਥਿਊਰੀ ਪੇਪਰ ਵਿੱਚੋਂ ਉਸ ਨੂੰ ਸਿਰਫ਼ 11 ਨੰਬਰ ਮਿਲੇ ਸਨ। ਉਸ ਨੇ ਦੱਸਿਆ ਕਿ ਆਂਸਰ ਸ਼ੀਟ ਦਾ ਪਹਿਲਾ ਪੰਨਾ ਜਿਸ 'ਤੇ ਉਸ ਦੇ ਨਿੱਜੀ ਵੇਰਵੇ ਅਤੇ ਰੋਲ ਨੰਬਰ ਲਿਖਿਆ ਹੋਇਆ ਸੀ ਉਹ ਤਾਂ ਉਸ ਦਾ ਹੀ ਸੀ ਪਰ ਕਾਪੀ ਦੇ ਅੰਦਰਲੇ ਸਾਰੇ ਪੰਨਿਆਂ 'ਤੇ ਲਿਖਾਈ ਕਿਸੇ ਹੋਰ ਵਿਦਿਆਰਥੀ ਦੀ ਸੀ। ਸੰਜਨਾ ਨੇ ਕਿਹਾ ਕਿ ਅੰਦਰਲਾ ਇੱਕ ਵੀ ਪੰਨਾ ਉਸ ਦੀ ਆਪਣੀ ਲਿਖਾਈ ਨਾਲ ਮੇਲ ਨਹੀਂ ਖਾਂਦਾ। ਉਸ ਨੇ ਬੋਰਡ ਨੂੰ ਈਮੇਲ ਭੇਜ ਕੇ ਅਤੇ ਹੈਲਪਲਾਈਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਕੋਈ ਰਾਬਤਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕਈ ਹੋਰ ਵਿਦਿਆਰਥੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਆ ਕੇ ਧੁੰਦਲੀਆਂ ਸਕੈਨ ਕਾਪੀਆਂ ਅਤੇ ਪੰਨੇ ਗਾਇਬ ਹੋਣ ਵਰਗੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਆਈ.ਆਈ.ਟੀ. (IIT) ਦੇ ਮਾਹਿਰਾਂ ਦੀ ਲਈ ਜਾਵੇਗੀ ਮਦਦ, ਕੇਂਦਰੀ ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ
ਵਿਦਿਆਰਥੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹੰਗਾਮੇ ਅਤੇ ਵਧਦੇ ਵਿਵਾਦ ਨੂੰ ਦੇਖਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਇਸ ਸਾਲ ਦੀ ਪ੍ਰੀਖਿਆ ਤੋਂ ਬਾਅਦ ਸ਼ੁਰੂ ਕੀਤੀ ਗਈ ਰੀ-ਵੈਲਿਊਏਸ਼ਨ ਪ੍ਰਕਿਰਿਆ ਵਿੱਚ ਆ ਰਹੀਆਂ ਸਾਰੀਆਂ ਤਕਨੀਕੀ ਦਿੱਕਤਾਂ ਦੀ ਜਾਂਚ ਆਈ.ਆਈ.ਟੀ. ਮਦਰਾਸ (IIT-Madras) ਅਤੇ ਆਈ.ਆਈ.ਟੀ. ਕਾਨਪੁਰ (IIT-Kanpur) ਦੇ ਤਕਨੀਕੀ ਮਾਹਿਰਾਂ ਵੱਲੋਂ ਕੀਤੀ ਜਾਵੇਗੀ। ਇਹ ਮਾਹਿਰ ਸੀ.ਬੀ.ਐੱਸ.ਈ. (CBSE) ਦੀ ਮਦਦ ਕਰਨਗੇ ਤਾਂ ਜੋ ਪੂਰੀ ਪ੍ਰਣਾਲੀ ਨੂੰ ਤਰੁਟੀਆਂ ਤੋਂ ਮੁਕਤ ਬਣਾਇਆ ਜਾ ਸਕੇ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

