ਨਵੀਂ ਦਿੱਲੀ, 9 ਜੁਲਾਈ
ਇਥੇ ਬਸੰਤ ਬਿਹਾਰ ਦੀ ਸੀਬਾਆਈ ਕਲੋਨੀ ਦੇ ਇੱਕ ਟਾਵਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਏਜੰਸੀ ਦੇ ਇਕ ਅਧਿਕਾਰੀ ਅਤੇ ਉਸਦੇ ਪਰਿਵਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਇਹ ਕਦਮ ਚੁੱਕਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਉਰੋ ਦੇ ਇੱਥੇ ਰਹਿ ਰਹੇ ਘੱਟੋ-ਘੱਟ 12 ਅਧਿਕਾਰੀਆਂ ਨੂੰ ਆਪਣੇ ਆਪ ਨੂੰ ਇਕ ਸਾਵਧਾਨੀ ਉਪਾਅ ਵਜੋਂ ਵੱਖ ਕਰਨ ਅਤੇ ਇਸ ਸਮੇਂ ਦੌਰਾਨ ਦਫ਼ਤਰ ਨਾ ਜਾਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਰੈਪਿਡ ਰਿਸਪਾਂਸ ਟੀਮ (ਆਰਆਰਟੀ) ਅਤੇ ਮਹਾਂਮਾਰੀ ਵਿਗਿਆਨੀਆਂ ਨੇ ਬੁੱਧਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਇਸ ਖੇਤਰ ਦਾ ਦੌਰਾ ਕੀਤਾ ਅਤੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਉੱਥੇ ਜਾਣ ਦੇ ਕਾਰਨ ਕੋਵਿਡ -19 ਦਾ ਫੈਲਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਇਲਾਕੇ ਵਿੱਚ ਰਹਿੰਦੇ ਲੋਕ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਏ ਸਨ। ਹਾਲਾਂ ਕਿ, ਸਰਵੇਖਣ ਦੌਰਾਨ, ਸਥਾਨਕ ਲੋਕਾਂ ਵਿੱਚ ਕੋਵਿਡ -19 ਦੇ ਕੋਈ ਸੰਕੇਤ ਨਹੀਂ ਸਨ। ਅਧਿਕਾਰੀ ਨੇ ਕਿਹਾ ਕਿ ਖੇਤਰ ਨਾਲ ਜੁੜੀ ਸਾਰੀ ਜਾਣਕਾਰੀ ਦੀ ਘੋਖ ਕਰਨ ਤੋਂ ਬਾਅਦ, ਦਿੱਲੀ ਸਰਕਾਰ ਨੇ ਜਨਤਕ ਸੁਰੱਖਿਆ ਅਤੇ ਕੋਵਿਡ -19 ਨੂੰ ਕਮਿਊਨਿਟੀ ਪੱਧਰ ’ਤੇ ਫੈਲਣ ਤੋਂ ਰੋਕਣ ਲਈ ਇਸ ਖੇਤਰ ਨੂੰ ਇੱਕ ਨਜ਼ਰਬੰਦ ਖੇਤਰ ਵਜੋਂ ਐਲਾਨ ਦਿੱਤਾ ਹੈ।-ਪੀਟੀਆਈ
ਟੋਹਾਣਾ (ਪੱਤਰ ਪ੍ਰੇਰਕ):ਇਥੋਂ ਟੋਹਾਣਾ ਦੇ ਕਿੱਲੇ ਮਹੁੱਲੇ ਦੀ ਆਸ਼ਾ ਵਰਕਰ ਤੇ ਜ਼ਿਲ੍ਹਾ ਦੇ ਬੜੋਪਲ ਕਸਬੇ ਵਿੱਚ ਇੱਕ-ਇੱਕ ਕਰੋਨਾ ਪਾਜ਼ੇਟਿਵ ਮਰੀਜ਼ ਮਿਲੇ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦੇ 132 ਕੇਸ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਟੋਹਾਣਾ ਦੇ ਵਾਰਡ-11 ਦੀ ਔਰਤ ਦੀ ਡਿਉਊਟੀ ਕੈਟੇਨਮੈਂਟ ਜ਼ੋਨ ਵਿੱਚ ਲਗੀ ਸੀ। ਦੋ ਦਿਨ ਪਹਿਲਾਂ ਸਿਹਤ ਵਿਭਾਗ ਨੇ ਆਸ਼ਾ ਵਰਕਰਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਸਨ, ਜਿਸ ਵਿੱਚ ਇਕ ਆਸ਼ਾ ਵਰਕਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ’ਤੇ ਉਸਨੂੰ ਇਕਾਂਤਵਾਸ ਕਰਕੇ ਪਰਿਵਾਰ ਦੀ ਗਲੀ ਸੀਲ ਕਰ ਦਿੱਤੀ ਗਈ ਹੈ।
ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹੇ ਵਿੱਚ ਦੋ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਇਨ੍ਹਾਂ ਵਿੱਚ 43 ਸਾਲ ਦਾ ਪੁਰਸ਼ ਚਕੋ ਮਾਜਰੀ ਖਦਰੀ ਦਾ ਰਹਿਣ ਵਾਲਾ ਹੈ ਜੋ ਕਿ ਹਰਿਆਣਾ ਰੋਡਵੇਜ਼ ਦਾ ਕਰਮਚਾਰੀ ਹੈ ਜਦਕਿ ਦੂਜਾ ਵਿਅਕਤੀ ਮਨੋਹਰ ਕਲੋਨੀ ਦਾ ਵਾਸੀ ਹੈ ਜੋ ਕਿ ਬਿਹਾਰ ਤੋਂ ਆਇਆ ਹੈ। ਉਨ੍ਹਾਂ ਦੱਸਿਆ ਕਿ 64 ਸਾਲਾ ਯਮੁਨਾ ਨਗਰ ਦਾ ਵਾਸੀ ਜਿਸ ਦੀ ਰਿਪੋਰਟ ਓਜਸ ਹਸਪਤਾਲ ਪੰਚਕੂਲਾ ਤੋਂ ਨੈਗੇਟਿਵ ਆਈ ਹੈ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ, ਵਿਜੇ ਦਹੀਆ ਨੇ ਕਿਹਾ ਕਿ ਹੁਣ ਯਮੁਨਾ ਨਗਰ ਵਿੱਚ 33 ਐਕਟਿਵ ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਮਰੀਜ਼ ਯਮੁਨਾ ਨਗਰ ਤੋਂ ਬਾਹਰ ਦੇ ਸਥਾਨਾਂ ਦੇ ਹਨ।
ਕੜਕੜਡੂਮਾ ਅਦਾਲਤ ਦਾ ਜੱਜ ਕਰੋਨਾ ਪਾਜ਼ੇਟਿਵ
ਨਵੀਂ ਦਿੱਲੀ: ਇਥੇ ਦਿੱਲੀ ਦੀ ਕੜਕੜਡੂਮਾ ਜ਼ਿਲ੍ਹਾ ਅਦਾਲਤ ਦੇ ਜੱਜ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਥੇ ਪ੍ਰਬੰਧਕੀ ਅਧਿਕਾਰੀ ਰੇਨੂੰ ਸ਼ਰਮਾ ਵੱਲੋਂ ਜਾਰੀ ਕੀਤੇ ਸਰਕੂਲਰ ਅਨੁਸਾਰ ਜ਼ਿਲ੍ਹਾ ਜੱਜ ਦੀਪਕ ਜਾਗੋਤਰਾ 8 ਜੁਲਾਈ ਨੂੰ ਕਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ 14 ਦਿਨਾਂ ਲਈ ਘਰ ਤੋਂ ਅਲੱਗ ਰਿਹਾ ਸੀ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਦੇ ਵਿਹੜੇ ਦੇ ਪੂਰਬੀ ਜ਼ਿਲ੍ਹਾ ਅਧਿਕਾਰ ਖੇਤਰ ਦੀ ਦੇਖ਼ਭਾਲ ਸ਼ਾਖਾ ਦੇ ਇੰਚਾਰਜ ਨੂੰ ਸਵੱਛਤਾ, ਕੀਟਨਾਸ਼ਕਾਂ ਦਾ ਛਿੜਕਾਅ ਅਤੇ ਜੱਜ ਦੇ ਕੋਰਟ ਰੂਮ, ਉਸ ਦੇ ਕਮਰੇ, ਨਿੱਜੀ ਸੈਕਟਰੀ ਦਾ ਕਮਰਾ, ਆਦਿ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੂਰਬੀ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਤਾਇਨਾਤ ਸਾਰੇ ਨਿਆਂਇਕ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਨੂੰ 8 ਜੁਲਾਈ ਤੋਂ ਸੱਤ ਦਿਨਾਂ ਲਈ ਵੱਖ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਲੋਕ ਜੱਜ ਨਾਲ ਸਿੱਧੇ ਸੰਪਰਕ ਵਿੱਚ ਆਏ ਸਨ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਸਿਹਤ ’ਤੇ ਨਜ਼ਦੀਕੀ ਨਜ਼ਰ ਰੱਖਣ ਅਤੇ ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ ਗਈ ਹੈ। -ਪੀਟੀਆਈ