ਵਾਇਰਲ ਵੀਡੀਓ 'ਚ PM Modi ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲੀ 25 ਸਾਲਾ ਲੜਕੀ ਖ਼ਿਲਾਫ਼ ਕੇਸ ਦਰਜ
ਜ਼ੀਰੋ ਐੱਫ ਆਈ ਆਰ ਦਿੱਲੀ ਪੁਲੀਸ ਨੂੰ ਟਰਾਂਸਫਰ
ਦਿੱਲੀ ਦੇ ਜੰਤਰ-ਮੰਤਰ ਵਿਖੇ ਕੌਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਵਿਦਿਆਰਥੀ ਪ੍ਰਦਰਸ਼ਨ ਦੀ ਇੱਕ ਵਾਇਰਲ ਵੀਡੀਓ ਕਾਰਨ 25 ਸਾਲਾ ਲੜਕੀ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਹੋ ਗਈ ਹੈ। ਲੜਕੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਹੈ। ਐੱਫ ਆਈ ਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸਦੀਆਂ ਟਿੱਪਣੀਆਂ ਨੇ "ਸੰਵਿਧਾਨਕ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ" ਅਤੇ ਉਸ ਦਾ ਮਕਸਦ ਜਨਤਕ ਅਮਨ-ਸ਼ਾਂਤੀ ਨੂੰ ਭੰਗ ਕਰਨਾ ਸੀ।
ਇਸ ਲੜਕੀ ਦੀ ਪਛਾਣ ਰੁਚਿਕਾ ਸਿੰਘ ਵਜੋਂ ਹੋਈ ਹੈ, ਜਿਸ ਨੇ 23 ਜੁਲਾਈ ਨੂੰ ਜਨਤਕ ਤੌਰ 'ਤੇ ਇਹ ਟਿੱਪਣੀਆਂ ਕੀਤੀਆਂ ਸਨ। ਇਸ ਵੀਡੀਓ ਵਿੱਚ ਉਸ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਅਪਮਾਨਜਨਕ ਤਰੀਕੇ ਨਾਲ ਜ਼ਿਕਰ ਕਰਦੇ ਹੋਏ ਵੀ ਸੁਣਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀ ਗਈ ਸੀ।
ਸੁਪਰੀਮ ਕੋਰਟ ਦੇ ਵਕੀਲ ਸਮ੍ਰਿਤੀ ਸਿੰਘ ਚੰਦੇਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ 29 ਜੁਲਾਈ ਨੂੰ ਨੋਇਡਾ-ਐਕਸਪ੍ਰੈੱਸਵੇਅ ਪੁਲੀਸ ਸਟੇਸ਼ਨ ਵਿਖੇ ਜ਼ੀਰੋ ਐੱਫ ਆਈ ਆਰ ਦਰਜ ਕੀਤੀ ਗਈ ਸੀ। ਇਹ ਕੇਸ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 352, 353(1) ਅਤੇ 356(1) ਤਹਿਤ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ, “ਇਹ ਬੇਨਤੀ ਕੀਤੀ ਜਾਂਦੀ ਹੈ ਕਿ 23/7/2026 ਨੂੰ ਮੈਨੂੰ ਸੂਚਨਾ ਮਿਲੀ ਕਿ ਰੁਚਿਕਾ ਨੇ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਇਕੱਠੇ ਹੋ ਕੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਵਿਰੁੱਧ ਜਨਤਕ ਤੌਰ 'ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ...”
ਸ਼ਿਕਾਇਤਕਰਤਾ ਨੇ ਦੋਸ਼ ਲਾਇਆ, “ਇਸ ਹਰਕਤ ਨੇ ਨਾ ਸਿਰਫ਼ ਸੰਵਿਧਾਨਕ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ, ਸਗੋਂ ਇਹ ਜਾਣਬੁੱਝ ਕੇ ਨਫ਼ਰਤ ਫੈਲਾਉਣ ਅਤੇ ਜਨਤਕ ਅਮਨ-ਸ਼ਾਂਤੀ ਭੰਗ ਕਰਨ ਦੇ ਇਰਾਦੇ ਦਾ ਪ੍ਰਤੀਕ ਵੀ ਹੈ...”
ਉੱਤਰ ਪ੍ਰਦੇਸ਼ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ੀਰੋ ਐੱਫ ਆਈ ਆਰ ਨੂੰ ਬਾਅਦ ਵਿੱਚ ਦਿੱਲੀ ਪੁਲੀਸ ਕੋਲ ਤਬਦੀਲ ਕਰ ਦਿੱਤਾ ਗਿਆ ਹੈ ਕਿਉਂਕਿ ਕਥਿਤ ਘਟਨਾ ਜੰਤਰ-ਮੰਤਰ ਵਿਖੇ ਵਾਪਰੀ ਸੀ, ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

