ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਰੀਅਰ ਗਾਈਡੈਂਸ ਮੇਲਾ
400 ਤੋਂ ਵੱਧ ਵਿਦਿਆਰਥੀਆਂ ਨੇ ਲਾਹਾ ਲਿਆ; ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਲਾਇਆ ਗਿਆ ਦੋ ਰੋਜ਼ਾ ਕਰੀਅਰ ਗਾਈਡੈਂਸ ਫੇਅਰ ਸਫਲਤਾ ਨੇ ਨੇਪਰੇ ਚੜ੍ਹਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਸਿੱਖਿਆ ਵਿੰਗ ਦੇ ਚੇਅਰਮੈਨ ਸਰਦਾਰ ਕੁਲਤਾਰਨ ਸਿੰਘ ਕੋਛੜ ਦੀ ਅਗਵਾਈ ਹੇਠ ਲਾਏ ਗਏ ਇਸ ਮੇਲੇ ਵਿਚ ਲਗਪਗ 75 ਸਟਾਲ ਲਗਾਏ ਸਨ ਜਿਸ ਵਿਚ 400 ਤੋਂ ਵੱਧ ਵਿਦਿਆਰਥੀਆਂ ਨੇ ਕਰੀਅਰ ਗਾਈਡੈਂਸ ਲਾਭ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਫੇਅਰ ਦੌਰਾਨ ਵਿਦਿਆਰਥੀਆਂ ਨੇ ਐਵੀਏਸ਼ਨ, ਸਕਿੱਲ ਡਿਵੈਲਪਮੈਂਟ ਕੋਰਸ, ਮਲਟੀ ਮੀਡੀਆ ਅਤੇ ਮਾਸ ਕਮਿਊਨਿਕੇਸ਼ਨ, ਫਾਰਮਾ ਪੈਥਾਲੋਜੀ, ਇੰਜਨੀਅਰਿੰਗ, ਵੋਕੇਸ਼ਨਲ ਕੋਰਸ, ਜੌਬ ਓਰੀਐਂਟਡ ਵੱਖ-ਵੱਖ ਕੋਰਸ, ਅਕਾਦਮਿਕ ਕੋਰਸ, ਘੱਟ ਗਿਣਤੀਆਂ ਲਈ ਨਿਰਧਾਰਿਤ ਕੋਰਸਾਂ ਦੇ ਲਾਭ, ਫਰੀ ਕੌਂਸਲਿੰਗ ਅਤੇ ਵਨ ਟੂ ਵਨ ਕੌਂਸਲਿੰਗ ਆਦਿ ਦੀ ਜਾਣਕਾਰੀ ਹਾਸਲ ਕੀਤੀ ਜਿਸ ਦਾ ਉਨ੍ਹਾਂ ਨੂੰ ਵੱਡਾ ਲਾਭ ਮਿਲਿਆ।
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲਗਾਤਾਰ ਤਿੰਨ ਸਾਲ ਤੋਂ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਵਿਚ ਹੁਣ ਤੱਕ ਹਜ਼ਾਰਾਂ ਵਿਦਿਆਰਥੀ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੰਤ ਵਿਚ ਇਸ ਫੇਅਰ ਲਈ ਕੰਮ ਕਰਨ ਤੇ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

