Cancer Treatment: ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ’ਚ ਕੈਂਸਰ ਦਾ ਇਲਾਜ ਸ਼ੁਰੂ
ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਨੇ ਮੈਡੀਕਲ ਓਨਕੋਲੋਜੀ ਵਿਭਾਗ ਦਾ ਉਦਘਾਟਨ ਕੀਤਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਸੇਵਾਵਾਂ ’ਚ ਬਹੁਤ ਵੱਡੀ ਪੁਲਾਂਘ ਪੁੱਟਦਿਆਂ ਅੱਜ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿੱਚ ਕੈਂਸਰ ਦੇ ਇਲਾਜ ਲਈ ਮੈਡੀਕਲ ਓਨਕੋਲੋਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਇਸ ਵਿਭਾਗ ਦਾ ਉਦਘਾਟਨ ਕਰਨ ਮੌਕੇ ਦਿੱਤੀ। ਇਸ ਮੌਕੇ ਹਸਪਤਾਲ ਦੇ ਚੇਅਰਮੈਨ ਗੁਰਦੇਵ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿੱਚ ਚਲ ਰਹੇ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਇੱਕ ਸੰਵੇਦਨਸ਼ੀਲ ਅਤੇ ਸਹਿਯੋਗੀ ਮਾਹੌਲ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਕੈਂਸਰ ਇਲਾਜ ਦੀਆਂ ਸੇਵਾਵਾਂ ਆਸਾਨੀ ਨਾਲ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਮੈਡੀਕਲ ਓਨਕੋਲੋਜੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿੱਚ ਯੋਗ ਔਕੋਲੋਜੀ ਮਾਹਿਰਾਂ ਦੀ ਨਿਗਰਾਨੀ ਹੇਠ ਮੈਡੀਕਲ ਔਕੋਲੋਜੀ ਸਲਾਹ-ਮਸ਼ਵਰਾ, ਕੈਂਸਰ ਇਲਾਜ ਦੀ ਯੋਜਨਾ, ਡੇਅ-ਕੇਅਰ ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ, ਹਾਰਮੋਨਲ ਥੈਰੇਪੀ, ਸਹਾਇਕ ਓਨਕੋਲੋਜੀ ਦੇਖਭਾਲ ਅਤੇ ਨਿਯਮਤ ਫਾਲੋ-ਅੱਪ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਪਹਿਲਾਂ ਹੀ ਕੈਂਸਰ ਦੀ ਜਾਂਚ ਕਰਵਾ ਚੁੱਕੇ ਹਨ ਜਾਂ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ, ਉਹ ਵੀ ਕਲੀਨਿਕਲ ਮੁਲਾਂਕਣ ਤੋਂ ਬਾਅਦ ਮਾਹਿਰਾਂ ਦੀ ਰਾਏ, ਇਲਾਜ ਜਾਰੀ ਰੱਖਣ ਅਤੇ ਅੱਗੇ ਦੀ ਰਹਿਨੁਮਾਈ ਲਈ ਇਸ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਅਕਸਰ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਵਾਰ-ਵਾਰ ਹਸਪਤਾਲ ਆਉਣਾ, ਜਾਂਚ ਕਰਵਾਉਣਾ ਅਤੇ ਇਲਾਜ ਦੇ ਕਈ ਪੜਾਅ ਸ਼ਾਮਲ ਹੁੰਦੇ ਹਨ। ਇਸ ਲਈ ਹਸਪਤਾਲ ਵਿੱਚ ਸਿਰਫ਼ ਇਲਾਜ ਹੀ ਨਹੀਂ, ਸਗੋਂ ਇਸ ਪੂਰੇ ਸਫ਼ਰ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਚਿਤ ਕਾਊਂਸਲਿੰਗ, ਨਿਗਰਾਨੀ ਅਤੇ ਤਾਲਮੇਲ ਵਾਲੀ ਦੇਖਭਾਲ ਮੁਹੱਈਆ ਕਰਵਾਉਣ ’ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡੀਕਲ ਔਕੋਲੋਜੀ ਟੀਮ ਪੈਥੋਲੋਜੀ, ਰੇਡੀਓਲੋਜੀ, ਸਰਜਰੀ, ਕ੍ਰਿਟੀਕਲ ਕੇਅਰ, ਲੈਬਾਰਟਰੀ ਸੇਵਾਵਾਂ, ਫਾਰਮੇਸੀ ਅਤੇ ਹੋਰ ਮੈਡੀਕਲ ਵਿਭਾਗਾਂ ਨਾਲ ਮਿਲ ਕੇ ਕੰਮ ਕਰੇਗੀ, ਤਾਂ ਜੋ ਮਰੀਜ਼ਾਂ ਨੂੰ ਇੱਕੋ ਪ੍ਰਣਾਲੀ ਅਧੀਨ ਤਾਲਮੇਲ ਵਾਲੀਆਂ ਅਤੇ ਵਿਆਪਕ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ।

