C. Rajagopalachari Bust unveiled: ਮੁਰਮੂ ਵੱਲੋਂ ਐਡਵਿਨ ਲੁਟੀਅਨਜ਼ ਦੇ ਬੁੱਤ ਦੀ ਥਾਂ ਰਾਜਗੋਪਾਲਾਚਾਰੀ ਦੇ ਬੁੱਤ ਦਾ ਉਦਘਾਟਨ
ਦੇਸ਼ ਸੇਵਾ ’ਚ ਲਾਸਾਨੀ ਯੋਗਦਾਨ ਪਾਉਣ ਵਾਲਿਆਂ ਦੇ ਸਨਮਾਨ ਲਈ ਅਹਿਮ ਕਦਮ: ਰਾਸ਼ਟਰਪਤੀ
C. Rajagopalachari Bust unveiled: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਅਤੇ ਦੇਸ਼ ਦੇ ਰਹੇ ਇਕੋ ਇਕ ਭਾਰਤੀ ਗਵਰਨਰ ਜਨਰਲ ਸੀ. ਰਾਜਗੋਪਾਲਾਚਾਰੀ (C Rajagopalachari) ਦੇ ਬੁੱਤ ਦਾ ਉਦਘਾਟਨ ਕੀਤਾ।
ਰਾਸ਼ਟਰਪਤੀ ਸਕੱਤਰੇਤ ਨੇ ਕਿਹਾ ਕਿ ਇਹ ਪਹਿਲ ਬਸਤੀਵਾਦੀ ਮਾਨਸਿਕਤਾ ਦੀ ਰਹਿੰਦ-ਖੂਹੰਦ ਅਵਸ਼ੇਸ਼ ਖ਼ਤਮ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਦਾ ਹਿੱਸਾ ਹੈ। ਰਾਸ਼ਟਰਪਤੀ ਭਵਨ ਵਿੱਚ ਅਸ਼ੋਕ ਮੰਡਪ ਨੇੜੇ ਰਾਜਗੋਪਾਲਾਚਾਰੀ ਦੇ ਬੁੱਤ ਨੂੰ ਸਥਾਪਤ ਕੀਤਾ ਗਿਆ ਹੈ। ਇਹ ਬੁੱਤ ਨਵੀਂ ਦਿੱਲੀ ਵਿੱਚ ਕਈ ਇਮਾਰਤਾਂ ਦੇ ਮੁੱਖ ਇਮਾਰਤਸਾਜ਼ ਐਡਵਿਨ ਲੂਟੀਅਨਜ਼ (Edwin Lutyens) ਦੇ ਬੁੱਤ ਦੀ ਜਗ੍ਹਾ ਲਗਾਇਆ ਗਿਆ ਹੈ।
ਰਾਸ਼ਟਰਪਤੀ ਸਕੱਤਰੇਤ ਨੇ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਇਹ ਪਹਿਲ ਬਸਤੀਵਾਦੀ ਮਾਨਸਿਕਤਾ ਦੀ ਬਚ-ਖੁਚ ਮਿਟਾਉਣ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਸਦੀਵੀ ਪਰੰਪਰਾਵਾਂ ਨੂੰ ਮਾਣ ਨਾਲ ਅਪਣਾਉਣ ਅਤੇ ਭਾਰਤ ਮਾਤਾ ਦੀ ਸੇਵਾ ਵਿੱਚ ਲਾਸਾਨੀ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਦਾ ਇੱਕ ਹਿੱਸਾ ਹੈ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਭੇਜੇ ਸੰਦੇਸ਼ ਵਿੱਚ ਕਿਹਾ ਕਿ ਰਾਜਾਜੀ ਦੇ ਮਹਾਤਮਾ ਗਾਂਧੀ ਨਾਲ ਨੇੜਲੇ ਰਿਸ਼ਤੇ ਬਾਰੇ ਸਭ ਜਾਣਦੇ ਹਨ, ਜੋ ਡੂੰਘੇ ਆਪਸੀ ਵਿਸ਼ਵਾਸ ਅਤੇ ਦੋਸਤੀ ਦੁਆਰਾ ਦਰਸਾਇਆ ਗਿਆ ਹੈ।

